ਜਗਰਾਉਂ, (ਲੁਧਿਆਣਾ), 2 ਸਤੰਬਰ (ਕੁਲਦੀਪ ਸਿੰਘ ਲੋਹਟ)-ਪੰਜਾਬ ਦੇ ਡੇਅਰੀ ਫਾਰਮਰਾਂ ਦੀ ਵੱਡੀ ਜਥੇਬੰਦੀ ਪੀ.ਡੀ.ਐਫ.ਏ. ਨੇ ਹੜ੍ਹਾਂ ਦੀ ਮਾਰ ਝੱਲ ਰਹੇ ਸੂਬੇ ਦੇ ਡੇਅਰੀ ਫਾਰਮਰਾਂ ਲਈ ਪੀ.ਡੀ.ਐਫ.ਏ. ਹੜ੍ਹ ਰਾਹਤ ਫੰਡ ਕਾਇਮ ਕੀਤਾ ਹੈ, ਜਿਸ ਵਿਚ ਪੀ.ਡੀ.ਐਫ. ਸਮੇਤ ਪੀ.ਡੀ.ਐਫ.ਏ. ਦੇ ਮੈਂਬਰਾਂ ਨੇ 45 ਲੱਖ ਰੁਪਏ ਦਾ ਵੱਡਾ ਯੋਗਦਾਨ ਪਾਉਂਦਿਆਂ ਸੂਬੇ ਦੇ ਡੇਅਰੀ ਫਾਰਮਰਾਂ, ਡੇਅਰੀ ਕਿੱਤੇ ਨਾਲ ਜੁੜੀਆਂ ਕੰਪਨੀਆਂ ਨੂੰ ਅੱਗੇ ਵਧ ਕੇ ਵੱਡਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਪੀ.ਡੀ.ਐਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਜਥੇਬੰਦੀ ਦੀ ਹੋਈ ਮੀਟਿੰਗ ਵਿਚ ਹੜ੍ਹਾਂ ਨਾਲ ਚਾਰ-ਚੁਫੇਰਿਓਂ ਘਿਰੇ ਪੰਜਾਬ ਲਈ ਸੁੱਖ ਦੀ ਅਰਦਾਸ ਮੰਗਦਿਆਂ ਸੂਬੇ ਭਰ ਦੇ ਡੇਅਰੀ ਫਾਰਮਰਾਂ ਦੁੱਖ ਦੀ ਘੜੀ ਵਿਚ ਚੱਟਾਨ ਵਾਂਗ ਖੜ੍ਹਨ ਦਾ ਫੈਸਲਾ ਕੀਤਾ।
ਜਥੇਬੰਦੀ ਨੇ ਹੜ੍ਹਾਂ ਦੇ ਹਾਲਾਤ ਉਤੇ ਚਰਚਾ ਕਰਦਿਆਂ ਮਹਿਸੂਸ ਕੀਤਾ ਕਿ ਡੇਅਰੀ ਫਾਰਮਰ ਵੀ ਇਸ ਕੁਦਰਤ ਦੀ ਕਰੋਪੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੋ ਜਾਨਵਰਾਂ ਤੋਂ ਲੈ ਕੇ 200 ਜਾਨਵਰਾਂ ਤੱਕ ਦੇ ਵੱਡੇ ਡੇਅਰੀ ਫਾਰਮਰ ਵੀ ਇਸ ਬਿਪਤਾ ਵਿਚ ਘਿਰੇ ਹੋਏ ਹਨ ਜਿਨ੍ਹਾਂ ਨੂੰ ਵੱਡੀ ਰਾਹਤ ਦੀ ਲੋੜ ਹੈ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਜਦੋਂ ਦੀ ਪੀ.ਡੀ.ਐਫ.ਏ. ਹੋਂਦ ਵਿਚ ਆਈ, ਤੋਂ ਲੈ ਕੇ ਇਹ ਪਹਿਲੀ ਵਾਰ ਹੈ ਕਿ ਜਥੇਬੰਦੀ ਨੇ ਫੰਡ ਮੰਗਿਆ ਹੋਵੇ। ਇਸ ਦਾ ਵੱਡਾ ਕਾਰਨ ਹੈ ਅੱਜ ਜਦੋਂ ਪੰਜਾਬ ਦਾ ਡੇਅਰੀ ਫਾਰਮਰ ਹੜ੍ਹਾਂ ਦੀ ਮਾਰ ਵਿਚ ਬੁਰੀ ਤਰ੍ਹਾਂ ਫਸ ਚੁੱਕਾ ਹੈ, ਨੂੰ ਇਸ ਮੁਸੀਬਤ ਦੀ ਘੜੀ ਵਿਚੋਂ ਕੱਢਣ ਲਈ ਡੇਅਰੀ ਫਾਰਮਰਾਂ ਦੀ ਸੰਸਥਾ ਪੀ.ਡੀ.ਐਫ.ਏ. ਨੂੰ ਵੀ ਵੱਡਾ ਯੋਗਦਾਨ ਪਾਉਣ ਦੀ ਲੋੜ ਹੈ, ਜਿਸ ਸਦਕਾ ਅੱਜ ਪੀ.ਡੀ.ਐਫ.ਏ. ਵਲੋਂ ਹੜ੍ਹ ਰਾਹਤ ਫੰਡ ਸ਼ੁਰੂ ਕੀਤਾ ਗਿਆ ਹੈ।