ਚੰਡੀਗੜ੍ਹ, 2 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਤਿੰਨ ਵਿਅਕਤੀਆਂ ਨੂੰ ਹੈਰੋਇਨ ਅਤੇ ਦੇਸੀ ਕੱਟੇ ਤੇ ਇਕ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ. ਪੀ. (ਕ੍ਰਾਈਮ) ਜਸਬੀਰ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਬਟਾਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਉਰਫ ਬਾਬਾ ਨੂੰ ਸੈਕਟਰ 43 ਨਜ਼ਦੀਕ ਤੋਂ 109.86 ਗ੍ਰਾਮ ਹੈਰੋਇਨ ਤੇ ਇਕ ਦੇਸੀ ਕੱਟੇ ਤੇ ਕਾਰਤੂਸ ਸਮੇਤ ਫੜਿਆ ਕੀਤਾ, ਜਿਸ 'ਤੇ ਉਸ ਖਿਲਾਫ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਉਸਦੇ ਦੋ ਸਾਥੀ ਪਰਵਿੰਦਰ ਪਾਲ ਸਿੰਘ ਮਿੱਡਾ ਅਤੇ ਮਨਦੀਪ ਸਿੰਘ ਉਰਫ ਮੈਂਡੀ ਨੂੰ ਕਾਬੂ ਕਰ ਲਿਆ ਹੈ।
ਗ੍ਰਿਫਤਾਰੀ ਮੌਕੇ ਪੁਲਿਸ ਨੇ ਸਵਿਫਟ ਕਾਰ ਸਵਾਰ ਪਰਵਿੰਦਰ ਪਾਲ ਸਿੰਘ ਤੋਂ 121 ਗ੍ਰਾਮ ਹੈਰੋਇਨ ਅਤੇ ਮਨਦੀਪ ਸਿੰਘ ਤੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਡੀ.ਐਸ.ਪੀ. ਧੀਰਜ ਕੁਮਾਰ ਦੀ ਅਗਵਾਈ ਹੇਠ ਇੰਸਪੈਕਟਰ ਸਤਵਿੰਦਰ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਕੀਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਪਹਿਲਾਂ ਤੋਂ ਹੀ ਅਪਰਾਧੀ ਇਤਿਹਾਸ ਰਿਹਾ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।