ਆਕਲੈਂਡ, 16 ਸਤੰਬਰ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ ਦੀ ਆਰਥਿਕ ਰਾਜਧਾਨੀ ਕਹੇ ਜਾਂਦੇ ਸ਼ਹਿਰ ਆਕਲੈਂਡ ਵਿਖੇ ਅੱਜ ਇਕ 66 ਸਾਲਾ ਵਿਅਕਤੀ ਨੂੰ ਭਾਰਤ ਤੋਂ ਨਿਊਜ਼ੀਲੈਂਡ 10 ਕਿਲੋ ਗ੍ਰਾਮ ਕਾਮਿਨੀ ਦੀਆਂ ਗੋਲੀਆਂ ਫੜੇ ਜਾਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਨਿਊਜ਼ੀਲੈਂਡ ਵਿਚ ਕਾਮਨੀ ਨੂੰ ਕਲਾਸ ਬੀ ਅਤੇ ਸੀ ਗ੍ਰੇਡ ਦਾ ਨਸ਼ਾ ਮੰਨਿਆ ਜਾਂਦਾ ਹੈ। ਆਕਲੈਂਡ ਕਸਟਮਸ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੋਂ ਆਏ ਨਮਕੀਨ ਦੇ ਪੈਕਟਾਂ ਦੇ ਅੰਦਰ ਲੁਕਾਈਆਂ ਗਈਆਂ ਲਗਭਗ 10 ਕਿਲੋਗ੍ਰਾਮ ਕਾਮਿਨੀ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਿਸ ਦੇ ਨਾਲ ਇਕ 66 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਿਊਜ਼ੀਲੈਂਡ ਇੰਸਟੀਚਿਊਟ ਫਾਰ ਪਬਲਿਕ ਹੈਲਥ ਅਤੇ ਫੌਰਾਂਸਿਕ ਸਾਇੰਸ ਵਲੋਂ ਕਰਵਾਏ ਗਏ ਟੈਸਟ ਨਤੀਜੇ ਦਰਸਾਉਂਦੇ ਹਨ ਕਿ ਇਹ ਗੋਲੀਆਂ ਕਾਮਿਨੀ ਹਨ ਅਤੇ ਉਨ੍ਹਾਂ ਵਿਚ ਕਲਾਸ ਬੀ ਅਤੇ ਸੀ ਦਰਜੇ ਦੇ ਨਸ਼ਿਆਂ ਦੇ ਤੱਤ (ਜਿਵੇਂ ਕੋਡਾਈਨ, ਮੋਰਫੀਨ ਆਦਿ) ਮੌਜੂਦ ਹਨ। ਕਸਟਮਸ ਵਿਭਾਗ ਨੇ ਕਿਹਾ ਕਿ ਇਹ ਇਕ ਗੈਰ-ਕਾਨੂੰਨੀ ਸਪਲਾਈ ਚੇਨ ਸੀ। ਇਨ੍ਹਾਂ ਗੋਲੀਆਂ ਦੇ ਕਾਰਨ ਕਮਿਊਨਿਟੀਆਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਕਸਟਮਸ ਇਨ੍ਹਾਂ ਉਤਪਾਦਾਂ ਦੇ ਆਉਣ ਨੂੰ ਰੋਕਣਾ ਚਾਹੁੰਦਾ ਹੈ।
ਇਥੇ ਦੱਸਣਯੋਗ ਹੈ ਕਿ ਕਾਮਿਨੀ ਦੀਆਂ ਗੋਲੀਆਂ ਭਾਰਤ ਵਿਚ ਆਮ ਮਿਲ ਜਾਂਦੀਆਂ ਹਨ ਪਰ ਨਿਊਜ਼ੀਲੈਂਡ ਵਿਚ ਬਿਨ੍ਹਾਂ ਡਾਕਟਰੀ ਸਲਾਹ ਦੇ ਕਾਮਿਨੀ ਦੀ ਆਯਾਤ, ਸਪਲਾਈ ਅਤੇ ਰੱਖ-ਰਖਾਅ ਗੈਰ-ਕਾਨੂੰਨੀ ਹੈ। ਨਿਊਜ਼ੀਲੈਂਡ ਦੀਆਂ ਸੁਰੱਖਿਆ ਏਜੰਸੀਆਂ ਬੀਤੇ ਕਈ ਮਹੀਨਿਆਂ ਤੋਂ ਬੜੀ ਬਾਰੀਕੀ ਨਾਲ ਇਸ ਸਾਰੇ ਮਸਲੇ ਦੀ ਜਾਂਚ ਪੜਤਾਲ ਕਰ ਰਹੀ ਸੀ ਤੇ ਇਸ ’ਤੇ ਨਜ਼ਰ ਬਣਾਏ ਹੋਏ ਸੀ, ਜਿਸ ਤੋਂ ਬਾਅਦ ਹੁਣ ਆਏ ਕੰਟੇਨਰ ਵਿਚ ਭੁਜੀਆ ਦੇ ਲਿਫਾਫਿਆਂ ਵਿਚ ਇਹ ਕਾਮਨੀ ਦੀਆਂ ਗੋਲੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਸਥਾਨਕ ਪੁਲਿਸ ਕਸਟਮ ਵਿਭਾਗ ਅਤੇ ਏਜੰਸੀਆਂ ਨੇ ਕਾਰਵਾਈ ਕਰਦਿਆਂ ਆਕਲੈਂਡ ਤੋਂ ਗ੍ਰਿਫ਼ਤਾਰ ਕੀਤੇ ਗਏ 66 ਸਾਲਾ ਵਿਅਕਤੀ ਨੂੰ ਮੈਨੁਕਾਉ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕੀਤਾ ਗਿਆ। ਸੰਬੰਧਿਤ ਵਿਭਾਗਾਂ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਨੂੰ ਅਜੇ ਗੁਪਤ ਰੱਖਿਆ ਜਾ ਰਿਹਾ ਹੈ। ਅੱਜ ਕੀਤੀ ਗਈ ਕਾਰਵਾਈ ਤੋਂ ਬਾਅਦ ਕਸਟਮਸ ਵਿਭਾਗ ਨੇ ਲੋਕਾਂ ਖ਼ਾਸ ਕਰਕੇ ਭਾਰਤੀ ਭਾਈਚਾਰੇ ਨੂੰ ਸੂਚਿਤ ਕੀਤਾ ਹੈ ਕਿ ਕਾਮਿਨੀ ਬਿਨਾਂ ਡਾਕਟਰੀ ਪ੍ਰਿਸਕ੍ਰਿਪਸ਼ਨ ਦੇ ਆਯਾਤ ਜਾਂ ਰਖਣਾ ਗੈਰ-ਕਾਨੂੰਨੀ ਅਤੇ ਖ਼ਤਰਨਾਕ ਹੈ।