ਕੋਟਲੀ ਸੂਰਤ ਮੱਲੀ, (ਬਟਾਲਾ), 24 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕਾ ਤਲਾ ਵਿਚ ਇਕ ਗ੍ਰੰਥੀ ਸਿੰਘ ਹਰਭਜਨ ਸਿੰਘ ਦੇ ਹੜ੍ਹ ਨਾਲ ਨੁਕਸਾਨੇ ਗਏ ਮਕਾਨ ਦੀ ਨਵੀਂ ਉਸਾਰੀ ਦੀ ਸੇਵਾ ਸੰਗਤ ਏਡ ਯੂ.ਕੇ. ਵਲੋਂ ਅੱਜ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਕਰ ਦਿੱਤੀ ਗਈ ਤੇ ਹੜ੍ਹ ਪ੍ਰਭਾਵਿਤ ਇਸ ਮਕਾਨ ਦੀ ਉਸਾਰੀ ਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਲੋਂ ਅਰਦਾਸ ਉਪਰੰਤ ਨੀਂਹ-ਪੱਥਰ ਰੱਖਿਆ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹੜ੍ਹ ਦੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਪਰ ਸੰਗਤਾਂ ਨੇ ਵੀ ਦਿਲ ਖੋਲ੍ਹ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤ ਏਡ ਯੂ.ਕੇ. ਵਲੋਂ ਬਹੁਤ ਸ਼ਲਾਘਾਯੋਗ ਉਪਰਾਲਾ ਕਰਦਿਆਂ ਕੁਝ ਪ੍ਰਭਾਵਿਤ ਸੰਗਤਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿਚ ਗ੍ਰੰਥੀ ਭਾਈ ਹਰਭਜਨ ਸਿੰਘ ਰਣਸੀਕਾ ਤਲਾ ਦਾ ਵੀ ਮਕਾਨ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਮੁੱਚੇ ਸੰਸਾਰ ਵਿਚ ਵੱਸਦੀਆਂ ਸਿੰਘ ਸੰਗਤਾਂ ਵਲੋਂ ਪ੍ਰਭਾਵਿਤ ਪੰਜਾਬੀਆਂ ਦੀ ਬਹੁਤ ਸੇਵਾ ਕੀਤੀ ਗਈ ਹੈ, ਜਿਸ ਦੀ ਉਹ ਸ਼ਲਾਘਾ ਕਰਦੇ ਹਨ।