ਜ਼ੀਰਕਪੁਰ (ਮੋਹਾਲੀ), 14 ਅਗਸਤ (ਹੈਪੀ ਪੰਡਵਾਲਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ "ਹਰ ਘਰ ਤਿਰੰਗਾ" ਤਹਿਤ ਡੇਰਾਬੱਸੀ ਹਲਕੇ ਦੇ ਸੀਨੀਅਰ ਭਾਜਪਾ ਆਗੂ ਗੁਰਦਰਸਨ ਸਿੰਘ ਸੈਣੀ ਵਲੋਂ ਜ਼ੀਰਕਪੁਰ ਦੇ ਵੱਖ-ਵੱਖ ਵਾਰਡਾਂ ਅਤੇ ਸੁਸਾਇਟੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਹੱਥਾਂ ਨਾਲ ਤਿਰੰਗਾ ਭੇਟ ਕੀਤਾ ਅਤੇ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।
ਉਨ੍ਹਾਂ ਘਰ-ਘਰ ਜਾ ਕੇ ਦੇਸ਼ ਭਗਤੀ ਦੀ ਅਲਖ ਜਗਾਉਂਦਿਆਂ ਵੱਖ-ਵੱਖ ਰੈਜ਼ੀਡੈਂਸ਼ੀਅਲ ਸੁਸਾਇਟੀਆਂ ਅਤੇ ਵਾਰਡਾਂ ਵਿਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਆਜ਼ਾਦੀ ਦਿਹਾੜੇ 'ਤੇ ਆਪਣੇ ਘਰਾਂ ਦੀਆਂ ਛੱਤਾਂ ਅਤੇ ਬਾਲਕੋਨੀਆਂ ਵਿਚ ਸ਼ਾਨ ਨਾਲ ਤਿਰੰਗਾ ਲਹਿਰਾਉਣ। ਇਸ ਮੌਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਥਾਨਕ ਨਿਵਾਸੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਭਿਆਨਾਂ ਨਾਲ ਦੇਸ਼ ਪ੍ਰਤੀ ਪਿਆਰ ਅਤੇ ਰਾਸ਼ਟਰੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਦਰਸਨ ਸਿੰਘ ਸੈਨੀ ਨੇ ਕਿਹਾ ਕਿ ਤਿਰੰਗਾ ਸਿਰਫ ਇੱਕ ਕੱਪੜਾ ਨਹੀਂ ਸਗੋਂ ਸਾਡੇ ਦੇਸ਼ ਦੇ ਕਰੋੜਾਂ ਆਜ਼ਾਦੀ ਘੁਲਾਟੀਆਂ ਦੇ ਬਲਿਦਾਨ, ਸੰਘਰਸ਼ ਅਤੇ ਦੇਸ਼ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਪੂਰਾ ਦੇਸ਼ 'ਹਰ ਘਰ ਤਿਰੰਗਾ' ਅਭਿਆਨ ਨੂੰ ਇਕ ਜਨ-ਉਤਸਵ ਵਜੋਂ ਮਾਣ ਰਿਹਾ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਦਿਹਾੜੇ ਦੇ ਇਸ ਪਵਿੱਤਰ ਮੌਕੇ 'ਤੇ ਆਪਣੇ ਘਰਾਂ 'ਤੇ ਮਾਣ ਨਾਲ ਤਿਰੰਗਾ ਲਹਿਰਾਉਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਪ੍ਰਣ ਲੈਣ।
ਇਸ ਮੌਕੇ ਉਨ੍ਹਾਂ ਦੇ ਨਾਲ ਮੰਡਲ ਪ੍ਰਧਾਨ ਸਤਪਾਲ ਬਾਂਸਲ, ਪ੍ਰਦੀਪ ਜੀ, ਹਰਦੀਪ ਸਿੰਘ, ਜ਼ਿਲ੍ਹਾ ਓ.ਬੀ.ਸੀ. ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਾਨੰਤ ਭਾਰਦਵਾਜ ਅਤੇ ਕਈ ਸਥਾਨਕ ਭਾਜਪਾ ਆਗੂ ਅਤੇ ਪਤਵੰਤੇ ਸੱਜਣ ਮੌਜ਼ੂਦ ਸਨ।