ਸੰਦੌੜ, (ਸੰਗਰੂਰ), 26 ਅਗਸਤ (ਗੁਰਪ੍ਰੀਤ ਸਿੰਘ ਚੀਮਾ)- ਸੰਦੌੜ ਤੋਂ ਥੋੜੀ ਦੂਰ ਪਿੰਡ ਕਾਤਰੋਂ ਨੇੜੇ ਧੂਰੀ ਨੂੰ ਜਾਂਦੀ ਮੁੱਖ ਸੜਕ ’ਤੇ ਅੱਜ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਪਿੰਡ ਕੁਠਾਲਾ ਨਾਲ ਸੰਬੰਧਿਤ ਪਿਓ-ਪੁੱਤ ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿਤਾ ਆਪਣੇ ਦੋਵੇਂ ਬੱਚਿਆਂ ਨੂੰ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਸਕੂਲ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਇਕ ਅਣ-ਪਛਾਤੇ ਵਾਹਨ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ।
ਹਾਦਸੇ ਵਿਚ ਪਿਤਾ ਪਰਮਿੰਦਰ ਸਿੰਘ (40) ਅਤੇ ਉਸ ਦੇ ਇਕ ਪੁੱਤਰ ਏਕਮਵੀਰ ਸਿੰਘ (15) ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਬੱਚਾ ਅੰਮਿ੍ਤਪਾਲ ਸਿੰਘ (13) ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਹਾਦਸੇ ਵਿਚ ਸ਼ਾਮਿਲ ਅਣ-ਪਛਾਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਹੈ।