29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦੰਗਾ ਪੀੜਤਾਂ ਨੇ ਕੀਤੀ ਭਾਜਪਾ ਹਾਈਕਮਾਂਡ ਤੋਂ ਮੰਗ

ਲੁਧਿਆਣਾ, 29 ਅਗਸਤ- 84 ਦੰਗਾ ਪੀੜ੍ਹਤ ਪਰਿਵਾਰਾਂ ਨੇ ਭਾਜਪਾ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਭਾਜਪਾ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜੋ ਨਿਰਦੋਸ਼ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਏ ਹਨ‌।

Ad Position 21
No active advertisement
ਅਜੀਤ ਡੈਸਕ 29-08-2026

ਲੁਧਿਆਣਾ, 29 ਅਗਸਤ- 84 ਦੰਗਾ ਪੀੜ੍ਹਤ ਪਰਿਵਾਰਾਂ ਨੇ ਭਾਜਪਾ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਭਾਜਪਾ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜੋ ਨਿਰਦੋਸ਼ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਏ ਹਨ‌। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੰਗਾ ਪੀੜ੍ਹਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਨਵੰਬਰ ਚੁਰਾਸੀ ਵਿਚ ਸੱਜਣ ਕੁਮਾਰ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਤੇ ਮਾਣਯੋਗ ਅਦਾਲਤ ਵਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਹੀ ਉਸਦੀ ਮੌਤ ਹੋ ਗਈ ਸੀ ਜਦਕਿ ਜਥੇਬੰਦੀ ਉਸਦੀ ਫਾਂਸੀ ਦੀ ਸਜ਼ਾ ਮੰਗ ਰਹੀ ਸੀ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਉਸ ਦੀ ਮੌਤ ’ਤੇ ਦੁਖ ਪ੍ਰਗਟ ਕਰਦਿਆਂ ਉਸਨੂੰ ਆਪਣਾ ਮਸੀਹਾ ਦੱਸਿਆ ਸੀ ਪਰ ਪੀੜਤ ਪਰਿਵਾਰਾਂ ਦੇ ਵਿਰੋਧ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਸਦਾ ਵਿਰੋਧ ਕਰਨ ’ਤੇ ਉਸ ਨੂੰ ਇਹ ਬਿਆਨ ਵਾਪਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੀਆਂ ਅੰਤਿਮ ਰਸਮਾਂ ਵਿਚ ਭਾਜਪਾ ਦੇ ਸੰਸਦ ਮੈਂਬਰਾਂ ਨੇ ਸ਼ਾਮਿਲ ਹੋ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਆਤਮਾਵਾਂ ਨੂੰ ਹੀ ਦੁਖੀ ਨਹੀਂ ਕੀਤਾ ਬਲਕਿ ਪੀੜਤ ਪਰਿਵਾਰਾਂ ਦੇ ਜ਼ਖਮਾਂ ’ਤੇ ਨਮਕ ਛਿੜਕਿਆ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਾਜਪਾ ਹਾਈਕਮਾਂਡ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਦੰਗਿਆਂ ਸੰਬੰਧੀ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਉਨ੍ਹਾਂ ਭਾਜਪਾ ਸੰਸਦ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। 

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਜਪਾ ਨੇ ਕੋਈ ਕਾਰਵਾਈ ਨਾਂ ਕੀਤੀ ਤਾਂ ਉਹ ਦੰਗਾ ਪੀੜ੍ਹਤਾਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਦੰਗਾ ਪੀੜ੍ਹਤ ਪਰਿਵਾਰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਬਾਈਕਾਟ ਕਰਨਗੀਆਂ ਅਤੇ ਪੰਜਾਬ ਭਰ ਵਿਚ ਮੁਹਿੰਮ ਚਲਾ ਕੇ ਲੋਕਾਂ ਨੂੰ ਦੱਸਣਗੀਆਂ ਕਿ ਕਾਂਗਰਸ ਅਤੇ ਭਾਜਪਾ ਇਕ ਹੀ ਸਿੱਕੇ ਦੇ ਦੋ ਪਾਸੇ ਹਨ, ਜੋ ਸਿੱਖ ਕੌਮ ਦੇ ਕਾਤਲ ਅਤੇ ਵਿਰੋਧੀ ਹਨ।

ਆਗੂਆਂ ਨੇ ਸੂਬਾ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਵੀ ਵੋਟ ਰਾਜਨੀਤੀ ਲਈ ਦੰਗਿਆਂ ਬਾਰੇ ਝੂਠ ਬੋਲ ਰਹੇ ਹਨ ਅਤੇ ਦੰਗਾ ਪੀੜ੍ਹਤਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਬਲਤੇਜ ਸਿੰਘ ਪੰਨੂ ਵਲੋਂ ਸਿਰਫ਼ ਮੱਗਰਮੱਛ ਦੇ ਹੰਝੂ ਵਹਾ ਕੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਜਥੇਬੰਦੀ ਨੂੰ ਗੱਲਬਾਤ ਲਈ ਕਈ ਵਾਰ ਸਮਾਂ ਦਿੱਤਾ ਗਿਆ ਸੀ ਪਰ ਉਹ ਸਮਾਂ ਦੇ ਕੇ ਮੁਕਰਦੇ ਰਹੇ ਹਨ।  

ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਵੀ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਕੋਈ ਕਾਰਵਾਈ ਨਾ ਕੀਤੀ ਤਾਂ ਪੀੜ੍ਹਤ ਪਰਿਵਾਰ ਸਰਕਾਰ ਦੀ ਹਰ ਪੱਧਰ ’ਤੇ ਵਿਰੋਧਤਾ ਕਰਨਗੇ। 

Ad Position 22
No active advertisement
ਪਿਛਲੀ ਖ਼ਬਰ ਚਾਲਕ ਦੀ ਝੋਕ ਲੱਗਣ ਕਾਰਨ ਖ਼ੇਤਾਂ ’ਚ ਜਾ ਵੜੀ ਕਾਰ, ਕਈ ਜ਼ਖ਼ਮੀ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਹੋਇਆ ਅਰਦਾਸ ਸਮਾਗਮ
Ad Position 24