ਚੋਗਾਵਾਂ/ਅੰਮ੍ਰਿਤਸਰ, 29 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕੱਲੇਵਾਲ ਦੇ ਇਕ ਨਿਹੰਗ ਸਿੰਘ ਦੀ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਰਸਤਾ ਰੋਕ ਕੇ ਕੁੱਟਮਾਰ ਕਰਨ ਦੇ ਘਰ ਦੇ ਸਮਾਨ ਦੀ ਭੰਨ ਤੋੜ ਕਰਨ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਨਿਹੰਗ ਭਜਨ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਸਰਹੱਦੀ ਪਿੰਡ ਡੱਗ ਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਜੀ ਛਾਉਣੀ ਨਿਹੰਗ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਮਾਨ ਸਿੰਘ ਦੀ ਅਗਵਾਈ ਹੇਠ ਪਿੰਡ ਦੀ ਸਾਂਝੀਆਂ ਥਾਵਾਂ ਦੀ ਸਾਫ਼ ਸਫਾਈ ਦੀ ਸੇਵਾ ਚੱਲ ਰਹੀ ਸੀ।
ਉਹ ਸੇਵਾ ਕਰਨ ਤੋਂ ਬਾਅਦ ਆਪਣੇ ਪਿੰਡ ਛੰਨ ਕੱਲੇਵਾਲ ਵਿਖੇ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਤਰਸੇਮ ਸਿੰਘ, ਗੁਰਨਾਮ ਸਿੰਘ, ਗੁਰਮੁਖ ਸਿੰਘ, ਧਰਮ ਸਿੰਘ, ਜੱਸਾ ਸਿੰਘ, ਰਾਜੂ ਸਿੰਘ, ਜਗਜੀਤ ਸਿੰਘ ਨਾਲ ਹੋਰਨਾਂ ਨੇ ਰਸਤਾ ਰੋਕ ਕੇ ਉਸਦੀ ਭਾਰੀ ਕੁੱਟਮਾਰ ਕੀਤੀ। ਬਾਣੇ, ਕਕਾਰਾਂ ਅਤੇ ਦੁਮਾਲੇ ਦੀ ਬੇਅਦਬੀ ਕੀਤੀ। ਇਥੇ ਹੀ ਬੱਸ ਨਹੀਂ ਉਕਤ ਵਿਅਕਤੀਆਂ ਸਾਡੇ ਘਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਘਰ ਦੇ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ।
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਾਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨਾਲ ਸਿਆਸੀ ਸ਼ਹਿ ਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਨਿਹੰਗ ਜਥੇਬੰਦੀ ਰੋਸ ਪ੍ਰਦਰਸ਼ਨ ਕਰੇਗੀ। ਇਸ ਸਬੰਧੀ ਵਿਰੋਧੀ ਧਿਰ ਦੇ ਤਰਸੇਮ ਸਿੰਘ ਤੇ ਹੋਰਨਾਂ ਲਈ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਭਜਨ ਸਿੰਘ ਨੇ ਮੰਗ ਲਿਆ ਕੇ ਉਨ੍ਹਾਂ ਦੇ ਘਰਾਂ ਦੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਚਾਰ ਘਰਾਂ ਦੇ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ। ਪਰਮਜੀਤ ਕੌਰ, ਜੱਸਾ ਸਿੰਘ ਅਤੇ ਕੁਲਦੀਪ ਸਿੰਘ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ ਜੋ ਹਸਪਤਾਲ ਜੇਰੇ ਇਲਾਜ ਹਨ। ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਐਮ.ਐਲ.ਆਰ. ਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ।