ਮਾਛੀਵਾੜਾ ਸਾਹਿਬ (ਲੁਧਿਆਣਾ), 29 ਅਗਸਤ (ਰਾਜਦੀਪ ਸਿੰਘ ਅਲਬੇਲਾ)- ਪਿੰਡ ਸਹਿਜੋ ਮਾਜਰਾ ਦੇ ਸਰਪੰਚ ਜਸਵੀਰ ਸਿੰਘ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ 4 ਵਿਅਕਤੀਆਂ ਸੋਹਣ ਸਿੰਘ, ਅਮਰੀਕ ਸਿੰਘ, ਸਤਵੀਰ ਸਿੰਘ ਤੇ ਜਗਜੀਤ ਸਿੰਘ ਵਾਸੀਆਨ ਸਹਿਜੋ ਮਾਜਰਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਸਹਿਜੋ ਮਾਜਰਾ ਦੇ ਵਾਸੀ ਗੁਰਧਿਆਨ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਜਦੋਂ ਉਹ ਘਰ ਵਿਚ ਮੌਜੂਦ ਸੀ ਤਾਂ ਬਾਹਰੋਂ ਰੌਲਾ ਪੈਣ ਦੀ ਅਵਾਜ਼ ਸੁਣਾਈ ਦਿੱਤੀ। ਬਾਹਰ ਜਾ ਕੇ ਦੇਖਿਆ ਤਾਂ ਪਿੰਡ ਦੇ ਸਰਪੰਚ ਜਸਵੀਰ ਸਿੰਘ ਨਾਲ ਪੰਚਾਇਤੀ ਜਗ੍ਹਾਂ ਵਿਚ ਸੋਹਣ ਸਿੰਘ, ਅਮਰੀਕ ਸਿੰਘ, ਸਤਵੀਰ ਸਿੰਘ ਅਤੇ ਜਗਜੀਤ ਸਿੰਘ ਸਾਰੇ ਜਣੇ ਕੁੱਟਮਾਰ ਕਰ ਰਹੇ ਸਨ।
ਬਿਆਨਕਰਤਾ ਅਨੁਸਾਰ ਜਦੋਂ ਉਸਨੇ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਪਰ ਵੀ ਉਕਤ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੇ ਸੱਟਾਂ ਲੱਗੀਆਂ। ਜਦੋਂ ਸਾਡੇ ਵਲੋਂ ਰੌਲਾ ਪਾਇਆ ਗਿਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕੁੱਟਮਾਰ ਕਰਨ ਵਾਲੇ ਵਿਅਕਤੀ ਗੱਡੀ ਵਿਚ ਬੈਠ ਕੇ ਫ਼ਰਾਰ ਹੋ ਗਏ। ਬਿਆਨਕਰਤਾ ਅਨੁਸਾਰ ਵਜ੍ਹਾ ਰੰਜਿਸ਼ ਇਹ ਹੈ ਕਿ ਸਰਪੰਚ ਪੰਚਾਇਤੀ ਜਗ੍ਹਾਂ ਵਿਚ ਪੌਦੇ ਲਗਾ ਰਿਹਾ ਸੀ ਜਦਕਿ ਦੂਜੀ ਧਿਰ ਉਸ ਨੂੰ ਰੋਕ ਰਹੀ ਸੀ। ਥਾਣਾ ਮੁਖੀ ਨੇ ਕਿਹਾ ਕਿ ਸਰਪੰਚ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੂਜੀ ਧਿਰ ਦੇ ਵਿਅਕਤੀ ਵੀ ਹਸਪਤਾਲ ਵਿਚ ਦਾਖ਼ਲ ਹਨ ਜਿਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਜਿਸ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਨ੍ਹਾਂ ਦੋਵਾਂ ਧਿਰਾਂ ਵਿਚਕਾਰ ਹੋਏ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਹੈ ਅਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ’ਚ ਹਸਪਤਾਲ ਇਲਾਜ ਅਧੀਨ ਸੋਹਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਰਪੰਚ ਜਾਂ ਹੋਰ ਕਿਸੇ ਵਿਅਕਤੀ ’ਤੇ ਕੋਈ ਹਮਲਾ ਨਹੀਂ ਕੀਤਾ ਗਿਆ ਜਦਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਸਰਪੰਚ ਨੇ ਉਸ ਨੂੰ ਕੁਝ ਅਪਸ਼ਬਦ ਬੋਲੇ ਜਿਸ ਤੋਂ ਇਹ ਝਗੜਾ ਵਧ ਗਿਆ। ਸੋਹਣ ਸਿੰਘ ਨੇ ਕਿਹਾ ਕਿ ਉਹ ਪਿੰਡ ਵਿਚ ਜੋ ਨਾਜਾਇਜ਼ ਕਬਜ਼ੇ ਹਨ ਉਨ੍ਹਾਂ ਲਈ ਬਲਾਕ ਪੰਚਾਇਤ ਦਫ਼ਤਰ ’ਚ ਜਾ ਕੇ ਅਵਾਜ਼ ਉਠਾ ਰਿਹਾ ਹੈ ਜਿਸ ਕਾਰਨ ਸਰਪੰਚ ਉਸ ਨਾਲ ਰੰਜਿਸ਼ ਰੱਖਦਾ ਹੈ ਅਤੇ ਝਗੜੇ ਦਾ ਕਾਰਨ ਵੀ ਇਹੋ ਹੈ।