31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਚਕੂਲਾ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਡੱਬਵਾਲੀ ’ਚ ਭੜਕਿਆ ਰੋਹ, ਕੱਢਿਆ ਮਸ਼ਾਲ ਮਾਰਚ

ਡੱਬਵਾਲੀ (ਹਰਿਆਣਾ), 31 ਅਗਸਤ (ਇਕਬਾਲ ਸਿੰਘ ਸ਼ਾਂਤ)- ਪੰਚਕੂਲਾ ਵਿਚ ਸਰਕਾਰ ਅਤੇ ਸਫਾਈ ਮੁਲਾਜ਼ਮ...

Ad Position 21
No active advertisement
ਅਜੀਤ ਡੈਸਕ 31-08-2026

ਡੱਬਵਾਲੀ (ਹਰਿਆਣਾ), 31 ਅਗਸਤ (ਇਕਬਾਲ ਸਿੰਘ ਸ਼ਾਂਤ)- ਪੰਚਕੂਲਾ ਵਿਚ ਸਰਕਾਰ ਅਤੇ ਸਫਾਈ ਮੁਲਾਜ਼ਮ ਆਗੂਆਂ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਡੱਬਵਾਲੀ ਵਿਚ ਨਗਰ ਪਰਿਸ਼ਦ ਦੇ ਸਫ਼ਾਈ ਮੁਲਾਜ਼ਮਾਂ ਦਾ ਰੋਹ ਭੜਕ ਉੱਠਿਆ। ਅੱਜ ਦੇਰ ਰਾਤ ਹੜਤਾਲੀ ਸਫਾਈ ਕਰਮਚਾਰੀਆਂ ਨੇ ਮਸ਼ਾਲ ਮਾਰਚ ਕੱਢ ਕੇ ਹਰ ਮਹੀਨੇ ਸਫਾਈ ਪ੍ਰਬੰਧਾਂ ਲਈ ਕਰੀਬ 50 ਲੱਖ ਰੁਪਏ ਦੇ ਠੇਕਿਆਂ ਦੀ ਅਦਾਇਗੀ ਅਤੇ ਕਰੀਬ 100 ਕਾਮਿਆਂ ਦੀਆਂ ਤਨਖਾਹਾਂ ’ਤੇ ਮਹਿਜ਼ 10 ਲੱਖ ਰੁਪਏ ਖ਼ਰਚ ਹੋਣ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ। ਮਿਉਂਸੀਪਲ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਸ਼ਹਿਰ ਵਿਚ ਠੇਕੇਦਾਰੀ ਪ੍ਰਥਾ ਰਾਹੀਂ ਹੋ ਰਹੇ ਕਰੀਬ 40 ਲੱਖ ਰੁਪਏ ਦੇ ਇਸ ਫ਼ਰਕ ਨੂੰ ਕਥਿਤ ਆਰਥਿਕ ਸ਼ੋਸ਼ਣ ਦੱਸਦਿਆਂ ਸਰਕਾਰ ਦੀ ਵਾਅਦਾ-ਖਿਲਾਫ਼ੀ ’ਤੇ ਵੀ ਸਵਾਲ ਚੁੱਕੇ।

ਹੜਤਾਲੀ ਮੁਲਾਜ਼ਮਾਂ ਨੇ ਧਰਨੇ ਪੰਡਾਲ ਨਗਰ ਪਰਿਸ਼ਦ ਦਫ਼ਤਰ ਤੋਂ ਸ਼ਹੀਦ ਚੌਕ ਤੱਕ ਮਸ਼ਾਲ ਮਾਰਚ ਕੱਢਿਆ ਅਤੇ ਸਰਕਾਰ ਅਤੇ ਮੰਤਰੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸੂਰਜ ਕੁਮਾਰ ਨੇ ਕਿਹਾ ਕਿ ਡੱਬਵਾਲੀ ਨਗਰ ਪਰਿਸ਼ਦ ਵਿਚ ਘਰ-ਘਰ ਕੂੜਾ ਇਕੱਠਾ ਕਰਨ ਦਾ ਠੇਕਾ ਕਰੀਬ 35 ਲੱਖ ਰੁਪਏ ਅਤੇ ਝਾੜੂ ਰਾਹੀਂ ਸਫਾਈ ਦਾ ਠੇਕਾ 13 ਤੋਂ 15 ਲੱਖ ਰੁਪਏ ਪ੍ਰਤੀ ਮਹੀਨਾ ਹੈ। ਦੋਵਾਂ ਟੈਂਡਰਾਂ ਲਈ ਹਰ ਮਹੀਨੇ ਕਰੀਬ 50 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਕੰਮਾਂ ਲਈ ਕਰੀਬ 100 ਮੁਲਾਜ਼ਮ ਲਾਏ ਗਏ ਹਨ ਅਤੇ ਉਨ੍ਹਾਂ ਨੂੰ ਸਿਰਫ਼ 9 ਤੋਂ 10 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਕ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਕਰੀਬ 10 ਲੱਖ ਰੁਪਏ ਖ਼ਰਚ ਹੁੰਦੇ ਹਨ। ਇਸ ’ਤੇ ਉਨ੍ਹਾਂ ਸਵਾਲ ਕੀਤਾ ਕਿ ਹਰ ਮਹੀਨੇ ਠੇਕਿਆਂ ਲਈ ਕੀਤੀ ਜਾ ਰਹੀ ਕਰੀਬ 50 ਲੱਖ ਰੁਪਏ ਦੀ ਅਦਾਇਗੀ ਵਿਚੋਂ ਬਾਕੀ ਕਰੀਬ 40 ਲੱਖ ਰੁਪਏ ਕਿਸ ਸਰਕਾਰੀ ਮੱਦਦ ਵਿਚ ਖ਼ਰਚ ਕੀਤੇ ਜਾ ਰਹੇ ਹਨ।

ਸੂਰਜ ਕੁਮਾਰ ਨੇ ਕਿਹਾ ਕਿ ਜੇ ਸਰਕਾਰ ਸਫਾਈ ਮੁਲਾਜ਼ਮਾਂ ਦੇ ਕੰਮ ’ਤੇ ਹਰ ਮਹੀਨੇ ਇੰਨੀ ਵੱਡੀ ਰਕਮ ਖ਼ਰਚ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਠੇਕੇਦਾਰਾਂ ਰਾਹੀਂ ਰੱਖਣ ਦੀ ਬਜਾਏ ਸਿੱਧੀ ਭਰਤੀ ਕਰਕੇ ਪੱਕਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਠੇਕੇਦਾਰੀ ਪ੍ਰਥਾ ਰਾਹੀਂ ਹੋ ਰਹੇ ਕਥਿਤ ਆਰਥਿਕ ਸ਼ੋਸ਼ਣ ਸਬੰਧੀ ਸਰਕਾਰ ਤੋਂ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ 13 ਮਈ ਦੀ ਹੜਤਾਲ ਤੋਂ ਬਾਅਦ ਭਾਜਪਾ ਸਰਕਾਰ ਨੇ 30 ਜੂਨ ਤੱਕ ਸਾਰੀਆਂ ਮੰਗਾਂ ਮੰਨਣ ਦਾ ਲਿਖਤੀ ਸਮਝੌਤਾ ਕੀਤਾ ਸੀ। ਇਸ ਦੇ ਬਾਵਜੂਦ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਹੁਣ ਕਰਮਚਾਰੀਆਂ ਨੂੰ ਦਬਾਉਣ ਲਈ ਤਾਨਾਸ਼ਾਹੀ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ।

ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। 

Ad Position 22
No active advertisement
ਪਿਛਲੀ ਖ਼ਬਰ ਯੂ.ਪੀ. ’ਚ ਪਟਾਖਾ ਫੈਕਟਰੀ ’ਚ ਧਮਾਕਾ- 11 ਮੌਤਾਂ ਅਗਲੀ ਖ਼ਬਰ ਅਬੋਹਰ ਵਿਚ 80 ਸਾਲਾ ਮਾਂ ਦੀ ਕਥਿਤ ਹੱਤਿਆ, ਪੁੱਤਰ ਗ੍ਰਿਫ਼ਤਾਰ
Ad Position 24