ਫਗਵਾੜਾ, 1 ਸਤੰਬਰ (ਹਰਜੋਤ ਸਿੰਘ ਚਾਨਾ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਤਹਿਤ ਮੰਗਲਵਾਰ ਰਾਤ ਫਗਵਾੜਾ ਦੇ ਆਸਮਾਨ ’ਚ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਤਕਨਾਲੋਜੀ, ਅਧਿਆਤਮਿਕਤਾ ਤੇ ਕਹਾਣੀ ਕਥਨ ਦੇ ਸੁਮੇਲ ਨਾਲ ਪੇਸ਼ ਕੀਤੇ ਗਏ ਇਸ ਸ਼ੋਅ ’ਚ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਿਲ ਹੋਈਆਂ।
500 ਸਮਕਾਲੀ ਢੰਗ ਨਾਲ ਉਡਾਏ ਗਏ ਡਰੋਨਾਂ ਰਾਹੀਂ ਆਸਮਾਨ ’ਚ ਬਣਾਏ ਗਏ ਵੱਖ-ਵੱਖ ਦ੍ਰਿਸ਼ਾਂ ਨੂੰ ਉੱਚ ਤਕਨੀਕ ਨਾਲ ਤਿਆਰ ਕੀਤੇ ਇਸ ਸ਼ੋਅ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ ਤੇ ਵਿਚਾਰਧਾਰਾ ਨੂੰ ਦਰਸਾਇਆ ਗਿਆ। ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਸਵੀਰ ਸਿੰਘ ਵਲੋਂ ਸ਼ਬਦ ਕੀਰਤਨ ਤੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਇਸ ਮੌਕੇ ਹਾਜ਼ਰ ਸੰਗਤਾਂ ਨੇ ਗੁਰੂ ਜੀ ਦੀਆਂ ਸਿੱਖਿਆਵਾ ’ਤੇ ਆਧਾਰਿਤ ਬਰਾਬਰੀ, ਭਾਈਚਾਰੇ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਇਸ ਸ਼ੋਅ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਡਰੋਨ ਸ਼ੋਅ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਨੂੰ ਇਕ ਢੁੱਕਵੀਂ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੇ ਇਸ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਦੀਵੀ ਸਿੱਖਿਆਵਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ ਤੇ ਇਸ ਖੇਤਰ ’ਚ ਪਹਿਲਾ ਡਰੋਨ ਸ਼ੋਅ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਇਲਾਕਿਆਂ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।
ਇਸ ਮੌਕੇ ਮੇਅਰ ਰਾਮਪਾਲ ਉੱਪਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ, ਡਿਪਟੀ ਮੇਅਰ ਵਿੱਕੀ ਸੂਦ, ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਰਣਦੀਪ ਸਿੰਘ ਹੀਰ, ਐਸ.ਪੀ. ਮੇਜਰ ਸਿੰਘ, ਐਸ.ਡੀ.ਐਮ. ਡਾ. ਨਵਜੋਤ ਸ਼ਰਮਾ ਤੋਂ ਇਲਾਵਾ ਕੌਂਸਲਰ, ਸਰਪੰਚ ਤੇ ਵੱਖ-ਵੱਖ ਪਿੰਡਾਂ ਦੇ ਪੰਚ ਹਾਜ਼ਰ ਸਨ।