ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਖੰਡ ਦੀਆਂ ਵਧੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਡੀਲਰਾਂ ਵਲੋਂ ਖੰਡ ਦਾ ਸਟਾਕ ਰੱਖਣ ਦੀ ਹੱਦ ਘਟਾ ਕੇ 2 ਹਜ਼ਾਰ ਕੁਇੰਟਲ ਕਰ ਦਿੱਤੀ ਹੈ। ਇਹ ਨਵੀਂ ਹੱਦ 15 ਸਤੰਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗੀ। ਇਸ ਤੋਂ ਪਹਿਲਾਂ ਡੀਲਰ 4 ਹਜ਼ਾਰ ਕੁਇੰਟਲ ਤੱਕ ਖੰਡ ਰੱਖ ਸਕਦੇ ਸਨ। ਖੁਰਾਕ ਮੰਤਰਾਲੇ ਨੇ ਦੱਸਿਆ ਕਿ ਕੋਲਕਾਤਾ ਤੇ ਇਸ ਦੇ ਨਾਲ ਲਗਦੇ ਮਹਾਨਗਰੀ ਇਲਾਕਿਆਂ ’ਚ 4 ਹਜ਼ਾਰ ਕੁਇੰਟਲ ਦੀ ਹੱਦ ਜਾਰੀ ਰਹੇਗੀ। ਸਰਕਾਰ ਮੁਤਾਬਕ ਇਸ ਖੇਤਰ ਦੀਆਂ ਵਿਸ਼ੇਸ਼ ਮੰਡੀ ਲੋੜਾਂ ਨੂੰ ਦੇਖਦਿਆਂ ਇਹ ਛੋਟ ਦਿੱਤੀ ਗਈ ਹੈ। ਨਵੇਂ ਨਿਯਮਾਂ ਤਹਿਤ ਡੀਲਰ ਖੰਡ ਪ੍ਰਾਪਤ ਹੋਣ ਦੀ ਤਰੀਕ ਤੋਂ 30 ਦਿਨਾਂ ਤੋਂ ਵੱਧ ਸਮੇਂ ਤੱਕ ਸਟਾਕ ਨਹੀਂ ਰੱਖ ਸਕੇਗਾ। ਸਰਕਾਰ ਨੇ ਇਹ ਕਦਮ ਘਰੇਲੂ ਬਾਜ਼ਾਰ ’ਚ ਖੰਡ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਤੇ ਜਮ੍ਹਾਂਖੋਰੀ ਤੇ ਸੱਟੇਬਾਜ਼ੀ ਨੂੰ ਰੋਕਣ ਲਈ ਚੁੱਕਿਆ ਹੈ। ਇਸੇ ਦੌਰਾਨ ਖੰਡ ਦੀਆਂ ਪ੍ਰਚੂਨ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ। ਖਪਤਕਾਰ ਮਾਮਲੇ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ 31 ਅਗਸਤ ਨੂੰ ਦੇਸ਼ ’ਚ ਖੰਡ ਦੀ ਔਸਤ ਪ੍ਰਚੂਨ ਕੀਮਤ 63.28 ਰੁਪਏ ਪ੍ਰਤੀ ਕਿਲੋ ਰਹੀ, ਜੋ ਇਕ ਸਾਲ ਪਹਿਲਾਂ ਦੇ 46.02 ਰੁਪਏ ਪ੍ਰਤੀ ਕਿਲੋ ਨਾਲੋਂ 37 ਫੀਸਦੀ ਵੱਧ ਹੈ। ਥੋਕ ਕੀਮਤ ਵੀ 36.28 ਫੀਸਦੀ ਵਧ ਕੇ 58.40 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਹਾਲਾਂਕਿ ਮਹਾਰਾਸ਼ਟਰ ’ਚ ਮਿੱਲ ਪੱਧਰ ’ਤੇ ਖੰਡ ਦੀ ਕੀਮਤ 1 ਸਤੰਬਰ ਨੂੰ ਘਟ ਕੇ 45-46 ਰੁਪਏ ਪ੍ਰਤੀ ਕਿੱਲੋ ਰਹਿ ਗਈ ਜਦਕਿ 18 ਅਗਸਤ ਨੂੰ ਇਹ 67 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਕੇਂਦਰ ਸਰਕਾਰ ਨੇ ਖੰਡ ਮਿੱਲਾਂ ’ਤੇ ਕੀਮਤਾਂ ਵਧਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਦੇਸ਼ ’ਚ ਖੰਡ ਦਾ ਕਾਫ਼ੀ ਸਟਾਕ ਮੌਜੂਦ ਹੈ। 2025-26 ਲਈ ਖੰਡ ਉਤਪਾਦਨ ਦਾ ਅਨੁਮਾਨ ਘਟਾ ਕੇ 306 ਲੱਖ ਟਨ ਕੀਤਾ ਗਿਆ ਹੈ ਜਦਕਿ ਦੇਸ਼ ਦੀ ਸਾਲਾਨਾ ਘਰੇਲੂ ਮੰਗ ਲਗਭਗ 280-285 ਲੱਖ ਟਨ ਹੈ।
ਤਾਜ਼ਾ ਖ਼ਬਰਾਂ
Free
ਕੇਂਦਰ ਨੇ ਖੰਡ ਡੀਲਰਾਂ ਲਈ ਸਟਾਕ ਹੱਦ 4 ਹਜ਼ਾਰ ਤੋਂ ਘਟਾ ਕੇ 2 ਹਜ਼ਾਰ ਕੁਇੰਟਲ ਕੀਤੀ
ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਖੰਡ ਦੀਆਂ ਵਧੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਡੀਲਰਾਂ ਵਲੋਂ ਖੰਡ ਦਾ ਸਟਾਕ ਰੱਖਣ ਦੀ ਹੱਦ ਘਟਾ ਕੇ 2 ਹਜ਼ਾਰ ਕੁਇੰਟਲ ਕਰ ਦਿੱਤੀ ...
ਅਜੀਤ ਡੈਸਕ
01-09-2026