ਚੋਗਾਵਾਂ/ਅੰਮ੍ਰਿਤਸਰ, 3 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਦੀਆਂ ਆਸ਼ਾ ਫੈਸਲੀਟੇਟਰਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਲੋਪੋਕੇ ਵਿਖੇ ਬਲਾਕ ਪ੍ਰਧਾਨ ਗੁਰਵੰਤ ਕੌਰ ਲੋਪੋਕੇ, ਨਿਰਮਲ ਬੱਚੀਵਿੰਡ ਅਰਸ਼ ਫੈਸਲੀਟੇਟਰ ਦੀ ਅਗਵਾਈ ਹੇਠ 8 ਸਤੰਬਰ ਨੂੰ ਸੂਬਾ ਪੱਧਰ 'ਤੇ ਇਕ ਵਿਸ਼ਾਲ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਮੀਟਿੰਗ ਹੋਈ। ਜਿਸ ਵਿਚ ਸੂਬਾ ਆਗੂ ਪਰਮਜੀਤ ਮਾਨ ਅਤੇ ਜ਼ਿਲ੍ਹਾਂ ਪ੍ਰਧਾਨ ਸਰਬਜੀਤ ਕੌਰ ਛੱਜਲਵੱਡੀ ਨੇ ਸ਼ਿਰਕਤ ਕੀਤੀ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੁੱਖ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਫੈਸਲੀਟੇਟਰਾਂ ਨੂੰ ਨਿਸ਼ਚਿਤ ਮਹੀਨਾਵਾਰ ਭੱਤਾ (ਮਾਣਭੱਤਾ) ਦਿੱਤਾ ਜਾਵੇ, ਸਫ਼ਰੀ ਭੱਤੇ ਵਿੱਚ ਵਾਧਾ ਕੀਤਾ ਜਾਵੇ, ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਮੁਲਾਜ਼ਮ ਦਰਜਾ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। 8 ਸਤੰਬਰ ਮੁਹਾਲੀ ਦੇ ਇਸ ਧਰਨੇ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਆਸ਼ਾ ਫੈਸਲੀਟੇਟਰ ਅਤੇ ਆਸ਼ਾ ਵਰਕਰਾਂ ਸ਼ਮੂਲੀਅਤ ਕਰਨਗੀਆਂ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਧਰਨੇ ਤੋਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਰੀਟਾ ਫੈਸਲੀਟੇਟਰ, ਰਜਵੰਤ, ਕੁਲਵੰਤ, ਪਵਨਪ੍ਰੀਤ ਕੌਰ ਆਸ਼ਾ, ਪਰਮਜੀਤ ਕੌਰ, ਵਰਿੰਦਰ ਕੌਰ, ਕਸ਼ਮੀਰ ਕੌਰ, ਨਵ ਪ੍ਰੀਤ ਸਰਬਜੀਤ ਕੌਰ ਆਦ ਹਾਜ਼ਰ ਸਨ।