ਪਠਾਨਕੋਟ, 4 ਸਤੰਬਰ (ਸੰਧੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਦਿਵਸ ਮੌਕੇ ਸੂਬੇ ਦੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਐਲਾਨੇ ਗਏ ਸਟੇਟ ਟੀਚਰ ਅਵਾਰਡ-2026 ਤਹਿਤ ਪਠਾਨਕੋਟ ਜ਼ਿਲ੍ਹੇ ਦੀਆਂ ਦੋ ਅਧਿਆਪਕਾਵਾਂ ਦੀ ਚੋਣ ਹੋਈ ਹੈ। ਇਸ ਤਹਿਤ ਹਰਪ੍ਰੀਤ ਕੁਮਾਰੀ, ਸੈਂਟਰ ਹੈੱਡ ਟੀਚਰ, ਕਲਸਟਰ ਸਰਨਾਂ, ਬਲਾਕ ਪਠਾਨਕੋਟ-2 ਨੂੰ ਸਟੇਟ ਟੀਚਰ ਅਵਾਰਡ-2026, ਜਦਕਿ ਸੁਮਨ, ਐਸੋਸੀਏਟ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਕੁਠੇੜ, ਬਲਾਕ ਪਠਾਨਕੋਟ-3 ਨੂੰ ਸਪੈਸ਼ਲ ਟੀਚਰ ਅਵਾਰਡ-2026 ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਮਾਣਮੱਤੀ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਡੀ. ਜੀ. ਸਿੰਘ ਅਤੇ ਉਪ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਸੈਕੰਡਰੀ ਅਮਨਦੀਪ ਨੇ ਦੋਵੇਂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਸਿੱਖਿਆ ਪ੍ਰਤੀ ਜ਼ਿੰਮੇਵਾਰੀ ਨੂੰ ਮਿਲਣ ਵਾਲਾ ਇਹ ਸਨਮਾਨ ਹੋਰਨਾਂ ਅਧਿਆਪਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ।
ਉਨ੍ਹਾਂ ਕਿਹਾ ਕਿ ਹਰਪ੍ਰੀਤ ਕੁਮਾਰੀ ਅਤੇ ਸੁਮਨ ਨੇ ਆਪਣੀ ਮਿਹਨਤ ਅਤੇ ਵਿਲੱਖਣ ਸੇਵਾਵਾਂ ਰਾਹੀਂ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਪਠਾਨਕੋਟ ਜ਼ਿਲ੍ਹੇ ਦੀਆਂ ਦੋ ਅਧਿਆਪਕਾਵਾਂ ਦੀ ਸਟੇਟ ਪੱਧਰੀ ਸਨਮਾਨ ਲਈ ਚੋਣ ਹੋਣਾ ਸਮੁੱਚੇ ਸਿੱਖਿਆ ਵਿਭਾਗ ਅਤੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।