13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੁਸਹਿਰੇ ਵਾਲੀ ਜਗ੍ਹਾ ਨੂੰ ਲੈ ਕੇ ਵਿਵਾਦ, ਪੈਟਰੋਲ ਪੰਪਾਂ ਦੀ ਨੇੜਤਾ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ

ਗੁਰੂ ਹਰ ਸਹਾਏ, 13 ਅਕਤੂਬਰ (ਕਪਿਲ ਕੰਧਾਰੀ): ਗੁਰੂ ਹਰ ਸਹਾਏ ਸ਼ਹਿਰ ਵਿੱਚ ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 13-10-2026

ਗੁਰੂ ਹਰ ਸਹਾਏ, 13 ਅਕਤੂਬਰ (ਕਪਿਲ ਕੰਧਾਰੀ): ਗੁਰੂ ਹਰ ਸਹਾਏ ਸ਼ਹਿਰ ਵਿੱਚ ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਕਮੇਟੀ ਵਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਵਾਰ ਦੁਸਹਿਰੇ ਦਾ ਸਮਾਗਮ ਫਰੀਦਕੋਟ ਰੋਡ ’ਤੇ ਨੇੜੇ ਖਾਲੀ ਪਈ ਜਗ੍ਹਾ ’ਤੇ ਕਰਵਾਇਆ ਜਾਵੇਗਾ। ਹਾਲਾਂਕਿ, ਸਮਾਗਮ ਵਾਲੀ ਜਗ੍ਹਾ ਦੇ ਆਲੇ-ਦੁਆਲੇ ਪੈਟਰੋਲ ਪੰਪ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਵਿਚ ਚਰਚਾ ਛਿੜ ਗਈ ਹੈ।

ਸ਼ਹਿਰ ਦੇ ਕੁਝ ਸਮਾਜ ਸੇਵੀਆਂ ਨੇ ਸਮਾਗਮ ਲਈ ਚੁਣੇ ਗਏ ਸਥਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਦੁਸਹਿਰੇ ਵਾਲੀ ਜਗ੍ਹਾ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਇਕ ਪੈਟਰੋਲ ਪੰਪ ਸਥਿਤ ਹੈ, ਜਦਕਿ ਦੂਜਾ ਪੈਟਰੋਲ ਪੰਪ ਵੀ ਕਰੀਬ 400 ਮੀਟਰ ਦੀ ਦੂਰੀ ’ਤੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਇਸ ਦੌਰਾਨ ਪਟਾਕਿਆਂ ਸਮੇਤ ਹੋਰ ਜਲਣਸ਼ੀਲ ਸਮੱਗਰੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਪੈਟਰੋਲ ਪੰਪਾਂ ਦੀ ਨੇੜਤਾ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨਾ ਜ਼ਰੂਰੀ ਹੈ। ਸਮਾਜ ਸੇਵੀਆਂ ਨੇ ਕਿਹਾ ਕਿ ਦੁਸਹਿਰੇ ਦੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੁੰਦੇ ਹਨ। ਇਸ ਲਈ ਕਿਸੇ ਵੀ ਅਣ-ਸੁਖਾਵੀਂ ਘਟਨਾ ਤੋਂ ਬਚਣ ਵਾਸਤੇ ਸਮਾਗਮ ਵਾਲੀ ਜਗ੍ਹਾ ਦਾ ਸੁਰੱਖਿਆ ਪੱਖੋਂ ਬਾਰੀਕੀ ਨਾਲ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਅਨੁਸਾਰ, ਜੇਕਰ ਸਮਾਗਮ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਨਾਲ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਸਾਰੇ ਸੰਬੰਧਿਤ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵੱਲ ਜਾਣ ਵਾਲੀਆਂ ਬੱਸਾਂ ਸਮੇਤ ਹੋਰ ਵਾਹਨਾਂ ਦੀ ਆਵਾਜਾਈ ਵੀ ਇਸੇ ਸੜਕ ਤੋਂ ਹੁੰਦੀ ਹੈ। ਫਰੀਦਕੋਟ ਰੋਡ ’ਤੇ ਆਵਾਜਾਈ ਦਾ ਦਬਾਅ ਰਹਿਣ ਕਾਰਨ ਦੁਸਹਿਰੇ ਵਾਲੇ ਦਿਨ ਟ੍ਰੈਫਿਕ ਜਾਮ ਲੱਗਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਜਿਹੇ ਵਿਚ ਸਮਾਗਮ ਦੌਰਾਨ ਆਵਾਜਾਈ ਨੂੰ ਸੁਚਾਰੂ ਰੱਖਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਐਮਰਜੈਂਸੀ ਸੇਵਾਵਾਂ ਲਈ ਰਸਤਾ ਖੁੱਲ੍ਹਾ ਰੱਖਣ ਵਾਸਤੇ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈ।

 ਸੂਤਰਾਂ ਦੇ ਹਵਾਲੇ ਨਾਲ ਇਹ ਚਰਚਾ ਹੈ ਕਿ ਪ੍ਰਸ਼ਾਸਨ ਵਲੋਂ ਇਸ ਜਗ੍ਹਾ ’ਤੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਸੰਬੰਧੀ ਜਦੋਂ ਐੱਸ.ਡੀ.ਐੱਮ. ਗੁਰੂ ਹਰ ਸਹਾਏ ਹਰਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਉੱਧਰ, ਤਹਿਸੀਲਦਾਰ ਸੁਖਬੀਰ ਕੌਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਛੁੱਟੀ ’ਤੇ ਹਨ। ਇਸ ਮਾਮਲੇ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਰਮੇਸ਼ ਧਿੰਗੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਪੈਟਰੋਲ ਪੰਪਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਾਗਮ ਲਈ ਮਨਜ਼ੂਰੀ ਦੇਣ ਦਾ ਕੰਮ ਐੱਸ.ਡੀ.ਐੱਮ. ਦਫ਼ਤਰ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।

ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਮਾਗਮ ਵਾਲੀ ਜਗ੍ਹਾ ਦਾ ਮੁੜ ਨਿਰੀਖਣ ਕਰਕੇ ਪੈਟਰੋਲ ਪੰਪਾਂ ਦੀ ਨੇੜਤਾ, ਪੁਤਲਿਆਂ ਨੂੰ ਅੱਗ ਲਗਾਉਣ ਸਮੇਂ ਪੈਦਾ ਹੋਣ ਵਾਲੇ ਸੰਭਾਵੀ ਖ਼ਤਰਿਆਂ ਅਤੇ ਆਵਾਜਾਈ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕੀ ਕਦਮ ਚੁੱਕੇ ਜਾਂਦੇ ਹਨ ਅਤੇ 20 ਅਕਤੂਬਰ ਨੂੰ ਦੁਸਹਿਰੇ ਦਾ ਸਮਾਗਮ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹੜੇ ਪ੍ਰਬੰਧ ਕੀਤੇ ਜਾਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਜੰਤਰ ਮੰਤਰੀ ਪਹੁੰਚੇ ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਪੁਲਿਸ ਹਿਰਾਸਤ ਵਿਚ ਅਗਲੀ ਖ਼ਬਰ ਅੱਜ ਰਾਹੁਲ ਗਾਂਧੀ ਦੇ ਨਿਵਾਸ ਸਥਾਨ ’ਤੇ ਹੋਵੇਗੀ ਵਿਰੋਧੀ ਧਿਰ ਦੇ ਨੇਤਾਵਾਂ ਦੀ ਮੀਟਿੰਗ
Ad Position 24