17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੈਟਰੋਲ ਪੰਪਾਂ ਦੇ ਨੇੜੇ ਦੁਸਹਿਰਾ ਮਨਾਉਣ ਦਾ ਹੋਇਆ ਵਿਰੋਧ

ਗੁਰੂਹਰਸਹਾਏ (ਫ਼ਿਰੋਜ਼ਪੁਰ), 17 ਅਕਤੂਬਰ (ਕਪਿਲ ਕੰਧਾਰੀ)- ਹਲਕਾ ਗੁਰੂਹਰਸਹਾਏ ਵਿਖੇ ਵਿਸ਼ਵਕਰਮਾ ਚੌਂਕ...

Ad Position 21
No active advertisement
ਅਜੀਤ ਡੈਸਕ 17-10-2026

ਗੁਰੂਹਰਸਹਾਏ (ਫ਼ਿਰੋਜ਼ਪੁਰ), 17 ਅਕਤੂਬਰ (ਕਪਿਲ ਕੰਧਾਰੀ)- ਹਲਕਾ ਗੁਰੂਹਰਸਹਾਏ ਵਿਖੇ ਵਿਸ਼ਵਕਰਮਾ ਚੌਂਕ ਅਤੇ ਦੋ ਪੈਟਰੋਲ ਪੰਪਾਂ ਦੇ ਬਿਲਕੁਲ ਨੇੜੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਲੈ ਕੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਸਬੰਧੀ ਦੁਸਹਿਰਾ ਸਮਾਗਮ ਲਈ ਚੁਣੀ ਗਈ ਜਗ੍ਹਾ ’ਤੇ ਇਤਰਾਜ਼ ਜਤਾਉਂਦਿਆਂ ਵਾਲਮੀਕੀ ਸਮਾਜ ਦੇ ਸੂਬਾਈ ਆਗੂ ਬਿੱਟੂ ਭੀਵਾਲ, ਟੋਨਾ ਸਹੋਤਾ ਅਤੇ ਵਾਲਮੀਕੀ ਦਾ ਇਕ ਵਫ਼ਦ ਡੀ.ਐਸ.ਪੀ. ਗੁਰੂਹਰਸਹਾਏ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪੈਟਰੋਲ ਪੰਪਾਂ ਦੇ ਬਿਲਕੁਲ ਨੇੜੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਦੁਸਹਿਰਾ ਸਮਾਗਮ ਲਈ ਚੁਣਿਆ ਗਿਆ ਗਰਾਊਂਡ ਕਾਫ਼ੀ ਛੋਟਾ ਹੈ ਅਤੇ ਇਸ ਦੇ ਬਿਲਕੁਲ ਨਾਲ ਹੀ ਪੈਟਰੋਲ ਪੰਪ ਸਥਿਤ ਹਨ। ਇਸ ਤੋਂ ਇਲਾਵਾ ਰਹਿਸ਼ੀ ਇਲਾਕ਼ਾ ਮੌਜੂਦ ਹੈ। ਅਜਿਹੇ ਹਾਲਾਤ ਵਿਚ ਦੁਸਹਿਰੇ ਦੌਰਾਨ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾਉਣ ਸਮੇਂ ਵਰਤੀ ਜਾਣ ਵਾਲੀ ਆਤਿਸ਼ਬਾਜ਼ੀ ਦੀ ਚਿੰਗਾਰੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜਾਨਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਆਗੂਆਂ ਨੇ ਆਵਾਜਾਈ ਦੀ ਸਮੱਸਿਆ ਦਾ ਮੁੱਦਾ ਵੀ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਅਨੁਸਾਰ, ਇਸ ਸਥਾਨ ਦੇ ਨੇੜੇ ਤਿੰਨ ਸੜਕਾਂ ਹੋਣ ਕਾਰਨ ਦੁਸਹਿਰੇ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਨਾਲ ਆਵਾਜਾਈ ਲੰਮੇ ਸਮੇਂ ਲਈ ਪ੍ਰਭਾਵਿਤ ਹੋ ਸਕਦੀ ਹੈ। ਇਸ ਰਸਤੇ ਰਾਹੀਂ ਫ਼ਰੀਦਕੋਟ ਮੈਡੀਕਲ ਹਸਪਤਾਲ ਵੱਲ ਵੀ ਆਵਾਜਾਈ ਹੁੰਦੀ ਹੈ। ਫਾਜ਼ਿਲਕਾ, ਜਲਾਲਾਬਾਦ ਅਤੇ ਹੋਰ ਇਲਾਕਿਆਂ ਤੋਂ ਐਮਰਜੈਂਸੀ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਦੀ ਸਥਿਤੀ ਵਿਚ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਰਾਊਂਡ ਛੋਟਾ ਹੋਣ ਕਾਰਨ ਦੁਸਹਿਰਾ ਦੇਖਣ ਆਉਣ ਵਾਲੀ ਵੱਡੀ ਭੀੜ ਨੂੰ ਸੰਭਾਲਣਾ ਪ੍ਰਸ਼ਾਸਨ ਲਈ ਮੁਸ਼ਕਲ ਹੋ ਸਕਦਾ ਹੈ। ਇਸ ਲਈ ਸਮਾਗਮ ਲਈ ਸੁਰੱਖਿਅਤ ਅਤੇ ਢੁੱਕਵੀਂ ਜਗ੍ਹਾ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।

ਬਿੱਟੂ ਭੀਵਾਲ ਅਤੇ ਟੋਨਾ ਸਹੋਤਾ ਨੇ ਦੱਸਿਆ ਕਿ ਡੀ.ਐਸ.ਪੀ. ਗੁਰੂਹਰਸਹਾਏ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਣ ਵਾਲੀ ਸਥਿਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਆਵਾਜਾਈ ਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ।

ਇਸ ਸਬੰਧੀ ਡੀ.ਐਸ.ਪੀ. ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਜਗ੍ਹਾ ਨਿਰਧਾਰਤ ਸ਼ਰਤਾਂ ਪੂਰੀਆਂ ਨਹੀਂ ਕਰਦੀ। ਇਸ ਲਈ ਉਨ੍ਹਾਂ ਵੱਲੋਂ ਕਾਨੂੰਨ ਅਨੁਸਾਰ ਰਿਪੋਰਟ ਤਿਆਰ ਕਰਕੇ ਐਸ.ਡੀ.ਐਮ. ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਜ਼ਬਰਦਸਤੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਲਿਆ ਜਾਣ ਵਾਲਾ ਅਗਲਾ ਫ਼ੈਸਲਾ ਮਹੱਤਵਪੂਰਨ ਹੋਵੇਗਾ, ਕਿਉਂਕਿ ਇਸ ਦਾ ਸਿੱਧਾ ਸਬੰਧ ਲੋਕਾਂ ਦੀ ਸੁਰੱਖਿਆ, ਆਵਾਜਾਈ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜਿਆ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਭਾਰਤ ਬਨਾਮ ਵੈਸਟਇੰਡੀਜ਼ 5ਵਾਂ ਟੀ-20: ਪੰਜਵਾਂ ਟੀ-20 ਮੈਚ ਮੀਂਹ ਕਾਰਨ ਰੱਦ
Ad Position 24