ਲੁਧਿਆਣਾ, 20 ਅਕਤੂਬਰ (ਰੂਪੇਸ਼ ਕੁਮਾਰ, ਭੁਪਿੰਦਰ ਬੈਂਸ)- ਲੁਧਿਆਣਾ ਪਹੁੰਚੇ ਅਮਿਤ ਸ਼ਾਹ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਦਾ ਦੁਸ਼ਹਿਰਾ ਕਦੇ ਨਹੀਂ ਭੁਲਾ ਪਾਵਾਂਗਾ ਅਤੇ ਮੈਂ ਤਿੰਨੋਂ ਪਰਿਵਾਰਾਂ ਦਾ ਦੁੱਖ ਸਮਝਿਆ। ਪਰਵਿੰਦਰ ਝੋਟੇ ਦੇ ਮੁਲਜ਼ਮਾਂ ਨੂੰ ਪਤਾਲ ਵਿਚੋਂ ਵੀ ਕੱਢ ਕੇ ਲਿਆਂਵਾਗੇ ਅਤੇ 31 ਦਸੰਬਰ 2029 ਤੱਕ ਪੰਜਾਬ ਵਿਚ ਨਸ਼ਾ ਖ਼ਤਮ ਕਰ ਦੇਵਾਂਗੇ।
ਅੱਜ ਇਕ ਦਿਨੀਂ ਪੰਜਾਬ ਫੇਰੀ ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਇਕ ਵਾਰ ਫਿਰ ਤੋਂ 31 ਦਸੰਬਰ, 2019 ਦੀ ਡੈਡਲਾਈਨ ਨੂੰ ਦੋਹਰਾਇਆ। ਅਮਿਤ ਸ਼ਾਹ ਨੇ ਕਿਹਾ ਕਿ ਉਹ ਅੱਜ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿਖੇ ਨਸ਼ੇ ਦੇ ਕਾਰੋਬਾਰ ਕਾਰਨ ਕਤਲ ਕੀਤੇ ਗਏ ਜਾਂ ਫਿਰ ਆਤਮ ਹੱਤਿਆ ਕਰਨ ਵਾਲੇ ਵਿਅਤੀਆਂ ਦੇ ਪੀੜਿਤ ਪਰਿਵਾਰਾਂ ਨਾਲ ਮਿਲੇ ਹਨ। ਆਪਣੇ ਕਈ ਸਾਲਾਂ ਦੇ ਸਿਆਸੀ ਕਰੀਅਰ ਦੌਰਾਨ ਉਹ ਅੱਜ ਤੱਕ ਇਨ੍ਹਾਂ ਦੁਖੀ ਕਦੇ ਨਹੀਂ ਹੋਏ, ਜਿੰਨ੍ਹਾਂ ਇਥੋਂ ਦੇ ਹਾਲਾਤ ਦੇਖ ਕੇ ਉਨ੍ਹਾਂ ਨੇ ਦੁੱਖ ਮਹਿਸੂਸ ਕੀਤਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਨੇ ਵੀ ਨਸ਼ੇ ਦੀ ਸਮੱਸਿਆ ਬਾਰੇ ਦੱਸਿਆ। ਹਾਲਾਂਕਿ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਨੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦਾ ਕੇਸ ਸੀ.ਬੀ.ਆਈ. ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਬਾਕੀ ਕੇਸ ਵੀ ਸੀ.ਬੀ.ਆਈ. ਨੂੰ ਸੌਂਪ ਦੇਣੇ ਚਾਹੀਦੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਵੀ ਸਪਸ਼ਟੀਕਰਨ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਨਸ਼ਾ ਫੜੇ ਜਾਣ ਦਾ ਮਤਲਬ ਹੈ ਕਿ ਅਸੀਂ ਨਸ਼ਾ ਰੋਕਣ ਵਾਸਤੇ ਕਾਰਵਾਈ ਕਰ ਰਹੇ ਹਾਂ।