ਡਕਾਲਾ (ਪਟਿਆਲਾ), 23 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)- ਡਕਾਲਾ ਵਿਖੇ ਹਿੰਦੁਸਤਾਨ ਪੈਟਰੋਲੀਅਮ ਪੰਪ ਨੇੜੇ ਦਿਨ-ਦਿਹਾੜੇ ਇਕ ਨੌਜਵਾਨ ’ਤੇ ਹਮਲਾ ਕਰਕੇ ਉਸ ਨੂੰ ਗੱਡੀ ਵਿਚ ਬਿਠਾ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਾਬ ਖਾਨ (30), ਪੁੱਤਰ ਦਰਸ਼ਨ ਖਾਨ, ਵਾਸੀ ਡਕਾਲਾ, ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿਚ ਸਵਾਰ ਵਿਅਕਤੀਆਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਨਵਾਬ ਖਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੱਡੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ। ਮੁੱਢਲੀ ਜਾਣਕਾਰੀ ਅਨੁਸਾਰ ਹਮਲਾਵਰ ਨੌਜਵਾਨ ਨੂੰ ਭਵਾਨੀਗੜ੍ਹ ਰੋਡ ’ਤੇ ਪਿੰਡ ਚਨੋ ਨੇੜੇ ਸੁੱਟ ਗਏ।
ਇਸ ਘਟਨਾ ਸਬੰਧੀ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਪ੍ਰਸ਼ਾਸਨ ਦੀਆਂ ਸੀਨੀਅਰ ਟੀਮਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ-ਪੜਤਾਲ ਕਰਕੇ ਘਟਨਾ ਦੇ ਕ੍ਰਮ ਅਤੇ ਇਸ ਵਿਚ ਸ਼ਾਮਲ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।