ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਕਿਹਾ ਹੈ ਕਿ ਜਦੋਂ ਚੀਨੀ ਫ਼ੌਜਾਂ ਗਸ਼ਤ ਦੇ ਨਿਰਧਾਰਤ ਤਰੀਕਿਆਂ ਤੋਂ ਹਟ ਕੇ ਕਾਰਵਾਈ ਕਰਦੀਆਂ ਹਨ ਤਾਂ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨਾਲ ਸਥਿਤੀ ਸਮੇਂ-ਸਮੇਂ ’ਤੇ ਤਣਾਅਪੂਰਨ ਹੋ ਜਾਂਦੀ ਹੈ। ਭਾਰਤ ਨੇ ਜ਼ੋਰ ਦਿੱਤਾ ਕਿ ਸਰਹੱਦੀ ਖੇਤਰਾਂ ’ਚ ਸ਼ਾਂਤੀ ਤੇ ਸਦਭਾਵਨਾ ਕਾਇਮ ਰੱਖਣਾ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੇ ਸਮੁੱਚੇ ਵਿਕਾਸ ਲਈ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਟਿੱਪਣੀਆਂ ਉਸ ਸਵਾਲ ਦੇ ਜਵਾਬ ’ਚ ਕੀਤੀਆਂ, ਜਿਸ ’ਚ ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਗਿਆ ਸੀ,
ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ’ਚ ਸਰਹੱਦ ਨਾਲ ਕਈ ਥਾਵਾਂ ’ਤੇ ਚੀਨੀ ਫ਼ੌਜੀਆਂ ਨਾਲ ਆਹਮੋ-ਸਾਹਮਣੇ ਦੀਆਂ ਸਥਿਤੀਆਂ ਅਜੇ ਵੀ ਪੈਦਾ ਹੋ ਰਹੀਆਂ ਹਨ। ਜੈਸਵਾਲ ਨੇ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ, ਜਦੋਂ ਚੀਨੀ ਫ਼ੌਜਾਂ ਗਸ਼ਤ ਦੇ ਨਿਰਧਾਰਤ ਤਰੀਕਿਆਂ ਤੋਂ ਹਟਦੀਆਂ ਹਨ ਤਾਂ ਭਾਰਤ-ਚੀਨ ਸਰਹੱਦੀ ਖੇਤਰਾਂ ਦੀ ਸਥਿਤੀ ਸਮੇਂ-ਸਮੇਂ ’ਤੇ ਵਿਗੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਤੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਕਿਸੇ ਵੀ ਤਰ੍ਹਾਂ ਦੀ ਗ਼ਲਤਫ਼ਹਿਮੀ ਜਾਂ ਗ਼ਲਤ ਅੰਦਾਜ਼ੇ ਤੋਂ ਬਚਣ ਲਈ ਮੌਜੂਦਾ ਕੂਟਨੀਤਕ ਤੇ ਫ਼ੌਜੀ ਪ੍ਰਣਾਲੀਆਂ ਦੀ ਵਰਤੋਂ ਜਾਰੀ ਰੱਖ ਰਹੀਆਂ ਹਨ। ਜੈਸਵਾਲ ਨੇ ਕਿਹਾ ਕਿ ਦੋਵੇਂ ਦੇਸ਼ ਸਰਹੱਦ ਦੇ ਬਿਹਤਰ ਪ੍ਰਬੰਧਨ ਲਈ ਢੁੱਕਵੇਂ ਖੇਤਰਾਂ ’ਚ ਅਸਲ ਕੰਟਰੋਲ ਰੇਖਾ ਬਾਰੇ ਆਪਸੀ ਸਮਝ ਵਧਾਉਣ ਦੇ ਤਰੀਕਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਵੀ ਸਹਿਮਤ ਹੋਏ ਹਨ।