03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਬੇਬੁਨਿਆਦ ਤੇ ਮਨਘੜਤ - ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ...

Ad Position 21
No active advertisement
ਅਜੀਤ ਡੈਸਕ 03-11-2026

ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ  ਦੱਸਦਿਆਂ ਕਿਹਾ ਕਿ ਉਹ ਸਿਧਾਂਤਕ ਅਤੇ ਸਾਫ਼-ਸੁਥਰੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਆਪਣੇ ਅਕਸ ਨੂੰ ਢਾਹ ਲਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਡਟ ਕੇ ਜਵਾਬ ਦੇਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਹਿਜ ਸੁਭਾਅ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, “ਮੈਂ ਭੋਲਾ ਹੋ ਸਕਦਾ ਹਾਂ, ਪਰ ਕਮਜ਼ੋਰ ਬਿਲਕੁਲ ਨਹੀਂ ਹਾਂ। ਮੈਂ ਕਦੇ ਕਿਸੇ ਨਾਲ ਬਿਨਾਂ ਵਜ੍ਹਾ ਪਹਿਲ ਨਹੀਂ ਕਰਦਾ, ਪਰ ਜੇ ਕੋਈ ਨਾਜਾਇਜ਼ ਤੌਰ ’ਤੇ ਮੇਰੇ ਖ਼ਿਲਾਫ਼ ਝੂਠਾ ਪ੍ਰਚਾਰ ਕਰੇ ਤਾਂ ਮੈਂ ਪਿੱਛੇ ਵੀ ਨਹੀਂ ਹਟਦਾ।” ਉਨ੍ਹਾਂ ‘ਨੰਗੀਆਂ ਤਾਰਾਂ ਨੂੰ ਹੱਥ ਨਾ ਪਾਉਣ’ ਦੀ ਟਿੱਪਣੀ ਕਰਦਿਆਂ ਵਿਰੋਧੀਆਂ ਨੂੰ ਉਨ੍ਹਾਂ ਦੀ ਚੁੱਪ ਨੂੰ ਕਮਜ਼ੋਰੀ ਨਾ ਸਮਝਣ ਲਈ ਕਿਹਾ।ਮਜੀਠੀਆ ਵਲੋਂ ਪਹਿਲਾਂ ਕੀਤੀ ਗਈ ਬਿਆਨਬਾਜ਼ੀ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਪੀ.ਪੀ.ਐਸ.ਸੀ. ਦੇ ਮੈਂਬਰ ਬੱਬੂ ਧੀਰ ਦੇ ਫਾਰਮ ਹਾਊਸ ਵਿਖੇ ਹੋਏ ਇਕ ਧਾਰਮਿਕ ਸਮਾਗਮ ਦਾ ਹਵਾਲਾ ਦਿੱਤਾ। ਅਰੋੜਾ ਅਨੁਸਾਰ ਸਮਾਗਮ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਆਏ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਸੀ।ਅਰੋੜਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਉਨ੍ਹਾਂ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਪ੍ਰਤਾਪ ਸਿੰਘ ਬਾਜਵਾ, ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰ ਆਗੂ ਵੀ ਸੱਦੇ ਗਏ ਸਨ। ਉਨ੍ਹਾਂ ਕਿਹਾ ਕਿ ਜਗ੍ਹਾ ਸੀਮਤ ਹੋਣ ਕਾਰਨ ਉਹ ਮੱਥਾ ਟੇਕਣ ਤੋਂ ਬਾਅਦ ਉੱਥੇ ਹੀ ਨੇੜੇ ਬੈਠ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਗਲੇ ਦਿਨ ਮਜੀਠੀਆ ਨੇ ਮੀਡੀਆ ਵਿਚ ਇਹ ਗ਼ਲਤ ਦਾਅਵਾ ਕਰ ਦਿੱਤਾ ਕਿ ਉਹ ਆਪਣੇ ਮੁੱਖ ਮੰਤਰੀ ਖ਼ਿਲਾਫ਼ ਗੱਲਬਾਤ ਕਰ ਰਹੇ ਸਨ।ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਨਾਲ ਜੁੜੇ ਕਿਸੇ ਸਮਾਗਮ ਬਾਰੇ ਅਜਿਹੀ ਬਿਆਨਬਾਜ਼ੀ ਕਰਨੀ ਬੇਹੱਦ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਆਪਣੀ ਜਗ੍ਹਾ ਹਨ, ਪਰ ਕਿਸੇ ਦੇ ਨਾਂ ਨਾਲ ਮਨਘੜਤ ਗੱਲਾਂ ਜੋੜ ਕੇ ਲੋਕਾਂ ਨੂੰ ਗੁਮਰਾਹ ਕਰਨਾ ਠੀਕ ਨਹੀਂ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਵੀ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਉਨ੍ਹਾਂ ਦੇ ਦਾਅਵੇ ਵਿਚ ਰਤਾ ਵੀ ਸੱਚਾਈ ਹੈ ਤਾਂ ਉਹ ਉਨ੍ਹਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਸਹੁੰ ਚੁੱਕਣ। ਅਰੋੜਾ ਨੇ ਦਾਅਵਾ ਕੀਤਾ ਕਿ ਇਸ ਚੁਣੌਤੀ ਤੋਂ ਬਾਅਦ ਮਜੀਠੀਆ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੀ ਗੱਲ ’ਤੇ ਕਾਇਮ ਹਨ।ਵਿਰੋਧੀਆਂ ਵਲੋਂ ਹੋਰ ‘ਖ਼ੁਲਾਸੇ’ ਕਰਨ ਸੰਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਮਨ ਅਰੋੜਾ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ, “ਮੈਂ ਉਨ੍ਹਾਂ ਦੇ ਖ਼ੁਲਾਸਿਆਂ ਦਾ ਇੰਤਜ਼ਾਰ ਕਰ ਰਿਹਾ ਹਾਂ। ਉਹ ਪੂਰੀ ਤਿਆਰੀ ਕਰ ਲੈਣ ਅਤੇ ਜੋ ਵੀ ਸਾਹਮਣੇ ਲਿਆਉਣਾ ਚਾਹੁੰਦੇ ਹਨ, ਲੈ ਆਉਣ। ਮੈਂ ਕਦੇ ਕੋਈ ਗ਼ਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਨਾਜਾਇਜ਼ ਗੱਲ ਦਾ ਸਾਥ ਦਿੱਤਾ ਹੈ।”ਅਰੋੜਾ ਨੇ ਕਿਹਾ ਕਿ ਜਨਤਕ ਜੀਵਨ ਵਿਚ ਦੋਸ਼ ਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਗੱਲ ਤੱਥਾਂ ਦੇ ਆਧਾਰ ’ਤੇ ਰੱਖਣ। ਉਨ੍ਹਾਂ ਕਿਹਾ ਕਿ ਸਿਰਫ਼ ਸੁਰਖ਼ੀਆਂ ਵਿਚ ਰਹਿਣ ਲਈ ਕੀਤੀ ਜਾਣ ਵਾਲੀ ਬਿਆਨਬਾਜ਼ੀ ਅਤੇ ਬੇਬੁਨਿਆਦ ਦੋਸ਼ਾਂ ਨਾਲ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ।ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਅਕਾਲੀ ਅਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਦੀ ਲੋਕ-ਪੱਖੀ ਸੋਚ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਕਾਰਨ ਬੁਖਲਾਹਟ ਵਿਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਬਿਆਨਬਾਜ਼ੀ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਕੰਮਾਂ ਵਿਚਲਾ ਫ਼ਰਕ ਸਮਝਦੇ ਹਨ ਅਤੇ ਮਨਘੜਤ ਦੋਸ਼ਾਂ ਨਾਲ ਉਨ੍ਹਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ।

Ad Position 22
No active advertisement
ਪਿਛਲੀ ਖ਼ਬਰ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਚ ਸੋਨ ਤਗਮਾ ਜਿੱਤਣ 'ਤੇ ਭਾਰਤੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ - ਭਗਵੰਤ ਮਾਨ ਅਗਲੀ ਖ਼ਬਰ ਸ਼ੱਕੀ ਹਾਲਾਤ ਚ ਨੌਜਵਾਨ ਲੜਕੀ ਨੇ ਕੀਤੀ ਖੁਦਕੁਸ਼ੀ
Ad Position 24