41 ਸਾਲਾ ਪੁਰਤਗਾਲੀ ਦਿੱਗਜ ਨੇ ਭਾਵੁਕ ਵੀਡੀਓ ਸਾਂਝੀ ਕਰਕੇ ਕੀਤਾ ਸੰਨਿਆਸ ਦਾ ਐਲਾਨ, ਕਲੱਬ ਪੱਧਰ ’ਤੇ ਜਾਰੀ ਰਹੇਗਾ ਕਰੀਅਰ
ਪੁਰਤਗਾਲ, 5 ਨਵੰਬਰ-ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚ ਸ਼ੁਮਾਰ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ 23 ਸਾਲਾਂ ਦੇ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਹੋ ਗਿਆ ਹੈ। ਹਾਲਾਂਕਿ 41 ਸਾਲਾ ਰੋਨਾਲਡੋ ਕਲੱਬ ਪੱਧਰ ’ਤੇ ਆਪਣਾ ਫੁੱਟਬਾਲ ਸਫ਼ਰ ਜਾਰੀ ਰੱਖਣਗੇ।
ਰੋਨਾਲਡੋ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਵੀਡੀਓ ਅਤੇ ਸੰਦੇਸ਼ ਸਾਂਝਾ ਕਰਦਿਆਂ ਆਪਣੇ ਫ਼ੈਸਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ''ਪੁਰਤਗਾਲ ਹਮੇਸ਼ਾ ਮੇਰੇ ਦਿਲ ਵਿਚ ਵੱਸਦਾ ਰਹੇਗਾ। ਮੈਂ ਪੂਰੀ ਤਰ੍ਹਾਂ ਸੰਤੁਸ਼ਟ ਮਨ ਨਾਲ ਜਾ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੈਂ ਇਸ ਜਰਸੀ ਲਈ ਆਪਣਾ ਸਭ ਕੁਝ ਨਿਛਾਵਰ ਕੀਤਾ ਹੈ।''
ਰੋਨਾਲਡੋ ਨੇ ਸਾਲ 2003 ਵਿਚ ਕਜ਼ਾਕਿਸਤਾਨ ਵਿਰੁੱਧ ਮੈਚ ਰਾਹੀਂ ਅੰਤਰਰਾਸ਼ਟਰੀ ਫੁੱਟਬਾਲ ਵਿਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖੇਡ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਪੁਰਤਗਾਲ ਦੀ ਨੁਮਾਇੰਦਗੀ ਕਰਦਿਆਂ ਪੰਜ ਫੀਫਾ ਵਿਸ਼ਵ ਕੱਪ ਅਤੇ ਛੇ ਯੂਰਪੀਅਨ ਚੈਂਪੀਅਨਸ਼ਿਪ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ।
ਆਪਣੇ ਲੰਬੇ ਕਰੀਅਰ ਦੌਰਾਨ ਰੋਨਾਲਡੋ ਨੇ ਕਈ ਯਾਦਗਾਰ ਪ੍ਰਾਪਤੀਆਂ ਦਰਜ ਕੀਤੀਆਂ ਅਤੇ ਪੁਰਤਗਾਲੀ ਫੁੱਟਬਾਲ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪੰਜ ਵਾਰ ਬੈਲਨ ਡੀ'ਓਰ ਜਿੱਤਣ ਵਾਲੇ ਰੋਨਾਲਡੋ ਦਾ ਨਾਮ ਫੁੱਟਬਾਲ ਇਤਿਹਾਸ ਦੇ ਮਹਾਨ ਖਿਡਾਰੀਆਂ ਵਿਚ ਦਰਜ ਹੈ।
ਰੋਨਾਲਡੋ ਨੇ ਆਪਣੇ ਸੰਨਿਆਸ ਦੇ ਐਲਾਨ ਦੌਰਾਨ ਦੋ ਦਹਾਕਿਆਂ ਤੋਂ ਵੱਧ ਲੰਬੇ ਅੰਤਰਰਾਸ਼ਟਰੀ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦੇਸ਼ ਲਈ ਖੇਡਦਿਆਂ ਆਪਣਾ ਪੂਰਾ ਯੋਗਦਾਨ ਦੇ ਕੇ ਸੰਤੁਸ਼ਟ ਹਨ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਲਈ ਇਕ ਯੁੱਗ ਦਾ ਅੰਤ ਹੋ ਗਿਆ ਹੈ।