ਲਖਨਊ, 24 ਨਵੰਬਰ (ਪੀ. ਟੀ. ਆਈ.)-ਉੱਤਰ ਪ੍ਰਦੇਸ਼ (ਯੂ.ਪੀ.) ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਨੇ ਮੰਗਲਵਾਰ ਰਾਤ ਆਪਣੇ 5 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ । ਇਹ ਸੂਚੀ ਕਾਂਗਰਸ ਨਾਲ ਸੀਟਾਂ ਦੀ ਵੰਡ ਸੰਬੰਧੀ ਦੂਜੇ ਦੌਰ ਦੀ ਗੱਲਬਾਤ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਜਾਰੀ ਕੀਤੀ ਗਈ ।
ਸਪਾ ਵਲੋਂ ਜਾਰੀ ਸੂਚੀ ਅਨੁਸਾਰ ਉਮਰ ਅਲੀ ਖਾਨ ਨੂੰ ਸਹਾਰਨਪੁਰ ਜ਼ਿਲ੍ਹੇ ਦੀ ਬੇਹਟ ਸੀਟ, ਆਸ਼ੂ ਮਲਿਕ ਨੂੰ ਸਹਾਰਨਪੁਰ ਸੀਟ ਤੇ ਨਾਹਿਦ ਹਸਨ ਨੂੰ ਸ਼ਾਮਲੀ ਜ਼ਿਲ੍ਹੇ ਦੀ ਕੈਰਾਨਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ ।
ਇਸੇ ਤਰ੍ਹਾਂ ਮਹਿਬੂਬ ਅਲੀ ਨੂੰ ਅਮਰੋਹਾ ਤੇ ਜੋਤੀ ਲੋਧੀ ਨੂੰ ਲਲਿਤਪੁਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ । ਸੂਚੀ ਜਾਰੀ ਹੋਣ ਤੋਂ ਪਹਿਲਾਂ ਸਪਾ ਮੁਖੀ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਭਾਜਪਾ ਨੂੰ ਹਰਾਉਣ ਤੇ ਦੇਸ਼ ਨੂੰ ਗਲਤ ਹੱਥਾਂ ਵਿਚ ਜਾਣ ਤੋਂ ਬਚਾਉਣ ਲਈ ਦੋਵਾਂ ਧਰਮਨਿਰਪੱਖ ਪਾਰਟੀਆਂ ਕੋਲ ਇਤਿਹਾਸਕ ਮੌਕਾ ਹੈ । ਉਨ੍ਹਾਂ ਕਾਂਗਰਸ ਨੂੰ 26 ਪੇਸ਼ ਕੀਤੀਆਂ ਸੀਟਾਂ ਤੋਂ ਇਲਾਵਾ ਹੋਰ ਸੰਭਾਵੀ ਸੀਟਾਂ ਦੀ ਪਛਾਣ ਕਰਕੇ ਸੂਚੀ ਸਾਂਝੀ ਕਰਨ ਦੀ ਅਪੀਲ ਕੀਤੀ ।
ਸੀਟ ਵੰਡ ਬਾਰੇ ਗੱਲਬਾਤ ਅਜੇ ਬੇਨਤੀਜਾ ਰਹੀ ਹੈ । ਸਪਾ ਨੇ ਕਾਂਗਰਸ ਨੂੰ 26 ਸੀਟਾਂ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਕਾਂਗਰਸ ਨੇ ਲਗਭਗ 130 ਸੀਟਾਂ ਦੀ ਸੂਚੀ ਦਿੱਤੀ ਹੈ । ਦੋ ਹੋਰ ਦੌਰ ਦੀ ਗੱਲਬਾਤ ਹੋਣ ਦੀ ਸੰਭਾਵਨਾ ਹੈ ।