ਨਵੀਂ ਦਿੱਲੀ, 27 ਨਵੰਬਰ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦ ਮਹਾਂਸਾਗਰ ਵਿਸ਼ਵ ਵਪਾਰ, ਊਰਜਾ ਸੁਰੱਖਿਆ ਅਤੇ ਸੰਪਰਕ ਲਈ ਕੇਂਦਰੀ ਮਹੱਤਤਾ ਰੱਖਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਖੇਤਰ ਦੇ ਸਾਰੇ ਤੱਟੀ ਦੇਸ਼ਾਂ ਨੂੰ ਇਸ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਵੱਧ ਰਹੇ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ ਕਰਾਰ ਦਿੱਤਾ।‘ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ’ (ਆਈ.ਓ.ਆਰ.ਏ.) ਦੇ ਮੰਤਰੀ ਪੱਧਰੀ ਸੰਮੇਲਨ ਵਿਚ ਬੋਲਦਿਆਂ ਜੈਸ਼ੰਕਰ ਨੇ ਸਮੁੰਦਰੀ ਕਾਨੂੰਨਾਂ, ਖਾਸ ਕਰਕੇ ‘ਸਮੁੰਦਰੀ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ’ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਵਿਸ਼ਵ ਸਮੁੰਦਰੀ ਖੇਤਰ ਵਿਚ ਤਣਾਅ ਵਧ ਰਿਹਾ ਹੈ, ਜਿਸ ਵਿਚ ਦੱਖਣੀ ਚੀਨ ਸਾਗਰ ਵਿਚ ਚੀਨ ਵਲੋਂ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਨਾ ਵੀ ਸ਼ਾਮਿਲ ਹੈ।ਭਾਰਤ ਨੇ ਨਵੀਂ ਦਿੱਲੀ ਵਿਚ ਇਸ ਸੰਮੇਲਨ ਦੀ ਮੇਜ਼ਬਾਨੀ ਕੀਤੀ। ਭਾਰਤ ਇਸ ਸਮੇਂ ਆਈ.ਓ.ਆਰ.ਏ. ਦਾ ਚੇਅਰਮੈਨ ਹੈ, ਜਿਸ ਵਿਚ ਆਸਟ੍ਰੇਲੀਆ, ਇੰਡੋਨੇਸ਼ੀਆ, ਦੱਖਣੀ ਅਫਰੀਕਾ, ਕੀਨੀਆ, ਤਨਜ਼ਾਨੀਆ, ਮੋਜ਼ਾਮਬੀਕ, ਸੋਮਾਲੀਆ, ਓਮਾਨ, ਯਮਨ, ਬੰਗਲਾਦੇਸ਼, ਮਲੇਸ਼ੀਆ ਅਤੇ ਥਾਈਲੈਂਡ ਸਮੇਤ 23 ਦੇਸ਼ ਸ਼ਾਮਿਲ ਹਨ।
ਇਸ ਇਕੱਠ ਵਿਚ ਅਮਰੀਕਾ, ਯੂਰਪੀ ਸੰਘ ਅਤੇ ਆਈ.ਓ.ਆਰ.ਏ. ਦੇ ਕਈ ਹੋਰ ਭਾਈਵਾਲ ਦੇਸ਼ਾਂ ਨੇ ਵੀ ਹਿੱਸਾ ਲਿਆ।ਮੀਟਿੰਗ ਵਿਚ ਆਪਣੇ ਸ਼ੁਰੂਆਤੀ ਸੰਬੋਧਨ ਦੌਰਾਨ ਜੈਸ਼ੰਕਰ ਨੇ ਕਿਹਾ, “ਹਿੰਦ ਮਹਾਂਸਾਗਰ ਵਿਸ਼ਵ ਵਪਾਰ, ਊਰਜਾ ਸੁਰੱਖਿਆ, ਸੰਪਰਕ ਅਤੇ ਆਰਥਿਕ ਖੁਸ਼ਹਾਲੀ ਲਈ ਕੇਂਦਰੀ ਧੁਰਾ ਹੈ। ਇਹ ਅਥਾਹ ਵਿਭਿੰਨਤਾ, ਮੌਕਿਆਂ ਅਤੇ ਸਾਂਝੀਆਂ ਚੁਣੌਤੀਆਂ ਵਾਲਾ ਖੇਤਰ ਵੀ ਹੈ।ਵਿਦੇਸ਼ ਮੰਤਰੀ ਨੇ ਕਿਹਾ ਕਿ ਜਹਾਜ਼ਾਂ ਅਤੇ ਮਲਾਹਾਂ ‘ਤੇ ਹਮਲੇ “ਬਿਲਕੁਲ ਅਸਵੀਕਾਰਨਯੋਗ” ਹਨ ਅਤੇ ਉਨ੍ਹਾਂ ਨੂੰ ਵਿਸ਼ਵਵਿਆਪੀ ਪ੍ਰਤੀਕਿਰਿਆ ਦੀ ਲੋੜ ਹੈ।ਜੈਸ਼ੰਕਰ ਦੀਆਂ ਟਿੱਪਣੀਆਂ ਪੱਛਮੀ ਏਸ਼ੀਆ ਅਤੇ ਕਾਲੇ ਸਾਗਰ ਵਿਚ ਵਪਾਰੀ ਜਹਾਜ਼ਾਂ ‘ਤੇ ਹਮਲਿਆਂ ਨੂੰ ਲੈ ਕੇ ਵਧ ਰਹੀ ਵਿਸ਼ਵਵਿਆਪੀ ਚਿੰਤਾ ਦੇ ਸਮੇਂ ਆਈਆਂ ਹਨ, ਜਿਨ੍ਹਾਂ ਨੇ ਕਈ ਭਾਰਤੀ ਮਲਾਹਾਂ ਦੀ ਜਾਨ ਲੈ ਲਈ ਹੈ।