ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੁਆਰਾ ਸਥਾਪਿਤ 'ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲੱਦਾਖ' (ਐਸ. ਈ. ਸੀ. ਐਮ. ਓ. ਐਲ.) ਦਾ ਐਫ਼.ਸੀ.ਆਰ.ਏ. ਲਾਈਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ | ਇਕ ਸਰਕਾਰੀ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ | ਮੰਤਰਾਲੇ ਦੀ ਇਹ ਕਾਰਵਾਈ ਸੰਗਠਨ ਦੇ ਖਾਤਿਆਂ 'ਚ ਪਾਏ ਗਏ ਕਈ ਕਥਿਤ ਅੰਤਰਾਂ 'ਤੇ ਆਧਾਰਿਤ ਸੀ, ਜਿਸ ਵਿਚ ਸਵੀਡਨ ਤੋਂ ਫੰਡ ਤਬਦੀਲ ਕਰਨਾ ਵੀ ਸ਼ਾਮਿਲ ਸੀ, ਜਿਸ ਨੂੰ ਮੰਤਰਾਲੇ ਨੇ 'ਰਾਸ਼ਟਰੀ ਹਿੱਤ' ਦੇ ਵਿਰੁੱਧ ਪਾਇਆ | ਇਹ ਘਟਨਾਕ੍ਰਮ ਲੇਹ 'ਚ ਬੰਦ ਦੌਰਾਨ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਵਿਆਪਕ ਝੜਪਾਂ ਵਿਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ | ਸਰਕਾਰ ਨੇ ਹਿੰਸਾ ਲਈ ਵਾਂਗਚੁਕ ਨੂੰ ਜ਼ਿੰਮੇਵਾਰ ਠਹਿਰਾਇਆ | ਆਦੇਸ਼ ਵਿਚ ਕਿਹਾ ਗਿਆ ਹੈ ਕਿ ਵਾਂਗਚੁਕ ਦੀ ਅਗਵਾਈ ਵਾਲੀ ਸੰਸਥਾ ਨੂੰ ਸੱਭਿਆਚਾਰਕ ਅਤੇ ਵਿੱਦਿਅਕ ਪ੍ਰੋਗਰਾਮ ਕਰਨ ਲਈ ਵਿਦੇਸ਼ੀ ਯੋਗਦਾਨ ਸਵੀਕਾਰ ਕਰਨ ਦਾ ਲਾਇਸੈਂਸ ਦਿੱਤਾ ਗਿਆ ਸੀ | ਇਸ ਦੇ ਨਾਲ ਹੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਵਾਂਗਚੁਕ ਵਲੋਂ ਬਣਾਈ ਸੰਸਥਾ 'ਤੇ ਵਿਦੇਸ਼ੀ ਚੰਦਾ ਕਾਨੰੂਨ (ਐਫ. ਸੀ. ਆਰ. ਏ.) ਦੇ ਕਥਿਤ ਉਲੰਘਣਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਜਾਂਚ ਕੁਝ ਸਮੇਂ ਤੋਂ ਚੱਲ ਰਹੀ ਹੈ, ਪਰ ਅਜੇ ਤੱਕ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ | ਵਾਂਗਚੁਕ ਮੁਤਾਬਿਕ ਸੀ.ਬੀ.ਆਈ. ਗ੍ਰਹਿ ਮੰਤਰਾਲੇ ਦੀ ਸ਼ਿਕਾਇਤ 'ਤੇ ਆਧਾਰਿਤ ਇਕ ਆਦੇਸ਼ ਲੈ ਕੇ ਆਈ, ਜਿਸ 'ਚ ਕਿਹਾ ਗਿਆ ਕਿ ਉਨ੍ਹਾਂ ਦੀ ਸੰਸਥਾ ਹਿਮਾਲਯਨ ਇੰਸਟੀਚਿਊਟ ਆਫ ਆਲਟਰਨੇਟਿਵਸ ਲੱਦਾਖ (ਐਚ. ਆਈ. ਏ. ਐਲ.) ਨੇ ਵਿਦੇਸ਼ੀ ਚੰਦਾ ਲੈਣ ਲਈ ਜ਼ਰੂਰੀ ਮਨਜ਼ੂਰੀ ਨਹੀਂ ਲਈ | ਇਸ ਤੋਂ ਇਲਾਵਾ ਵਾਂਗਚੁਕ ਦੇ ਇਸ ਨਾਲ 6 ਫਰਵਰੀ ਨੂੰ ਪਾਕਿਸਤਾਨ ਦੌਰੇ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ |
ਲੱਦਾਖ ਮੁੱਦੇ ਨੂੰ ਸੰਵੇਦਨਾ ਨਾਲ ਨਜਿੱਠਣ ਦੀ ਲੋੜ-ਕਾਂਗਰਸ
ਕਾਂਗਰਸ ਨੇ ਲੱਦਾਖ 'ਚ ਭੜਕੀ ਹਿੰਸਾ ਨੂੰ ਸਰਕਾਰ ਦੇ ਝੂਠੇ ਵਾਅਦਿਆਂ ਦਾ ਨਤੀਜਾ ਦੱਸਦਿਆਂ ਇਸ ਮੁੱਦੇ ਨਾਲ ਰਹਿਮਦਿਲੀ ਨਾਲ ਨਜਿੱਠਣ ਦੀ ਅਪੀਲ ਕੀਤੀ | ਕਾਂਗਰਸੀ ਨੇਤਾ ਪਵਨ ਖੇੜਾ ਨੇ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਲੱਦਾਖ 'ਚ (ਹਿੰਸਕ ਪ੍ਰਦਰਸ਼ਨਾਂ 'ਚ) ਲੋਕਾਂ ਦਾ ਮਾਰੇ ਜਾਣਾ ਬਹੁਤ ਦੁਖਦ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਸਰਕਾਰ ਦੇ ਪੂਰੇ ਨਾ ਕੀਤੇ ਗਏ ਵਾਅਦਿਆਂ ਵੱਲ ਧਿਆਨ ਦਿਵਾਉਂਦੇ ਹਨ |
ਕੇਂਦਰ ਵਲੋਂ ਵਾਂਗਚੁਕ ਦੀ ਸੰਸਥਾ ਐਫ਼.ਸੀ.ਆਰ.ਏ. ਦਾ ਲਾਈਸੰਸ ਰੱਦ
ਅਜੀਤ ਡੈਸਕ
26-09-2025