ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)-ਉੱਤਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ ਸਮੇਤ 12 ਰਾਜਾਂ 'ਚ ਅੱਜ ਤੋਂ ਵੋਟਰ ਸੂਚੀ ਦੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ. ਆਈ. ਆਰ.) ਦੀ ਕਵਾਇਦ ਸ਼ੁਰੂ ਹੋ ਰਹੀ ਹੈ | ਹਾਲਾਂਕਿ ਬਿਹਾਰ ਵਾਂਗ ਇਨ੍ਹਾਂ ਰਾਜਾਂ 'ਚ ਵੀ ਇਸ ਕਵਾਇਦ ਕਾਰਨ ਚੋਣ ਕਮਿਸ਼ਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਂਗਰਸ, ਟੀ. ਐਮ. ਸੀ., ਡੀ. ਐਮ. ਕੇ. ਸਮੇਤ ਕਈ ਅਹਿਮ ਵਿਰੋਧੀ ਧਿਰਾਂ ਇਸ ਅਮਲ 'ਤੇ ਸਵਾਲ ਉਠਾ ਰਹੀਆਂ ਹਨ | ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਦੀ ਅਗਵਾਈ ਹੇਠ 44 ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਖ਼ਿਲਾਫ਼ ਸੁਪਰੀਮ ਕਰੋਟ ਜਾਣ ਦਾ ਫ਼ੈਸਲਾ ਕੀਤਾ ਹੈ |
ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਇਹ ਅਮਲ ਪਾਰਦਰਸ਼ੀ ਅਤੇ ਸੁਖਾਲੇ ਤਰੀਕੇ ਨਾਲ ਮੁੰਕਮਲ ਕੀਤਾ ਜਾਵੇਗਾ | ਸੂਬਾਈ ਚੋਣ ਕਮਿਸ਼ਨ ਵਲੋਂ ਐਸ. ਆਈ. ਆਰ. ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ | ਅੱਜ ਤੋਂ ਬੀ. ਐਲ. ਓ. ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਸੰਬੰਧ 'ਚ ਇਕ ਫਾਰਮ ਦੇਣਗੇ | ਜਿਸ 'ਚ ਸਾਰੀ ਜਾਣਕਾਰੀ ਭਰ ਕੇ ਉਸ ਦੀਆਂ ਦੋ ਕਾਪੀਆਂ ਲਈਆਂ ਜਾਣਗੀਆਂ, ਜਿਸ ਦੀ ਇਕ ਕਾਪੀ ਅਧਿਕਾਰੀ ਕੋਲ ਅਤੇ ਇਕ ਵੋਟਰ ਕੋਲ ਰਹੇਗੀ | ਜੇਕਰ ਕਿਸੇ ਪਰਿਵਾਰ 'ਚ ਵੋਟਰ ਮੌਜੂਦ ਨਾ ਹੋਵੇ ਤਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਉਸ ਵਲੋਂ ਜਾਣਕਾਰੀ ਦੇ ਕੇ ਫ਼ਾਰਮ 'ਤੇ ਦਸਤਖ਼ਤ ਕਰ ਸਕਦਾ ਹੈ |
ਸੁਪਰੀਮ ਕੋਰਟ ਜਾਵੇਗੀ ਡੀ. ਐਮ. ਕੇ.
ਤਾਮਿਲਨਾਡੂ ਦੀ ਸੱਤਾ ਧਿਰ ਡੀ. ਐਮ. ਕੇ ਨੇ ਐਸ. ਆਈ. ਆਰ. ਖ਼ਿਲਾਫ਼ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ | ਤਾਮਿਲਨਾਡੂ 'ਚ 2026 'ਚ ਵਿਧਾਨ ਸਭਾ ਚੋਣਾਂ ਹੋਈਆਂ ਹਨ, ਪਾਰਟੀਆਂ ਦੀ ਮੰਗ ਹੈ ਕਿ ਇਹ ਅਮਲ ਚੋਣਾਂ ਤੋਂ ਬਾਅਦ ਹੋਵੇ, ਪਰ ਚੋਣ ਕਮਿਸ਼ਨ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ |
ਤਿ੍ਣਮੂਲ ਕਾਂਗਰਸ ਕਰੇਗੀ ਵਿਰੋਧ ਮਾਰਚ
ਤਾਮਿਲਨਾਡੂ ਵਾਂਗ ਪੱਛਮੀ ਬੰਗਾਲ 'ਚ ਸੱਤਾ ਧਿਰ ਤਿ੍ਣਮੂਲ ਕਾਂਗਰਸ ਵੀ ਐਸ. ਆਈ. ਆਰ. ਦੇ ਵਿਰੋਧ 'ਚ 4 ਨਵੰਬਰ ਨੂੰ ਟੀ. ਐਮ. ਸੀ. ਵਲੋਂ ਕੋਲਕਾਤਾ 'ਚ ਐਸ. ਆਈ. ਆਰ. ਦੇ ਖ਼ਿਲਾਫ਼ ਮਾਰਚ ਕੱਢਿਆ ਜਾਵੇਗਾ | ਜਿਸ ਦੀ ਅਗਵਾਈ ਮੁੱਖ ਮੰਤਰੀ ਮਮਤਾ ਬੈਨਰਜੀ ਕਰਨਗੇ |
ਜਾਤ ਆਧਾਰਿਤ ਮਰਦਮਸ਼ੁਮਾਰੀ ਕਰਵਾਈ ਜਾਏ-ਸਮਾਜਵਾਦੀ ਪਾਰਟੀ
ਉੱਤਰ ਪ੍ਰਦੇਸ਼ 'ਚ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਇਹ ਇਕ ਵੱਡੀ ਕਵਾਇਦ ਹੈ | ਅਸੀਂ ਚਾਹੁੰਦੇ ਹਾਂ ਕਿ ਐਸ. ਆਈ. ਆਰ. 'ਚ ਇਕ ਕਾਲਮ ਹੋਰ ਵਧਾ ਕੇ ਨਾਲ ਹੀ ਜਾਤ ਆਧਾਰਤ ਮਰਦਮਸ਼ੁਮਾਰੀ ਵੀ ਕਰਵਾਈ ਜਾਵੇ |
ਕਾਂਗਰਸ ਵਲੋਂ ਵਿਰੋਧ
ਕਾਂਗਰਸ ਸ਼ੁਰੂ ਤੋਂ ਹੀ ਇਸ ਅਮਲ ਦਾ ਵਿਰੋਧ ਕਰ ਰਹੀ ਹੈ | ਰਾਹੁਲ ਗਾਂਧੀ ਨੇ ਇਸ ਦੇ ਖ਼ਿਲਾਫ਼ ਬਿਹਾਰ 'ਚ ਵੋਟਰ ਅਧਿਕਾਰ ਯਾਤਰਾ ਵੀ ਕੱਢੀ | ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਸਰਕਾਰ ਦੇ ਦਬਾਅ 'ਚ ਕੰਮ ਕਰ ਰਿਹਾ ਹੈ |
ਕੇਰਲ 'ਚ ਵੀ ਵਿਰੋਧ
ਕੇਰਲ 'ਚ ਖੱਬੇ ਪੱਖੀ ਸਰਕਾਰ ਨੇ ਵੀ ਇਸ ਦਾ ਵਿਰੋਧ ਕਰਦਿਆਂ ਚੋਣ ਕਮਿਸ਼ਨ ਨੂੰ ਐਸ. ਆਈ. ਆਰ. ਦੇ ਫ਼ੈਸਲੇ ਦੀ ਸਮੀਖਿਆ ਕਰਨ ਨੂੰ ਕਿਹਾ |
12 ਰਾਜਾਂ 'ਚ ਐਸ. ਆਈ. ਆਰ. ਕਵਾਇਦ ਅੱਜ ਤੋਂ <br/>
ਅਜੀਤ ਡੈਸਕ
04-11-2025