ਪ੍ਰਧਾਨ ਮੰਤਰੀ ਮੋਦੀ ਵਲੋਂ ਰਾਸ਼ਟਰੀ ਪ੍ਰੇਰਨਾ ਸਥਲ ਦਾ ਉਦਘਾਟਨ
ਲਖਨਊ, 25 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਨੂੰ ਮਾਣ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ 'ਧਾਰਾ 370 ਦੀ ਕੰਧ ਢਾਹ ਦੇਣ' ਦਾ ਮੌਕਾ ਮਿਲਿਆ | ਇਥੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੇ ਆਦਰਸ਼ਾਂ ਨੂੰ ਸਮਰਪਿਤ ਇਕ ਇਤਿਹਾਸਕ ਰਾਸ਼ਟਰੀ ਸਮਾਰਕ ਤੇ ਕੰਪਲੈਕਸ 'ਰਾਸ਼ਟਰੀ ਪ੍ਰੇਰਨਾ ਸਥਲ' ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਜ਼ਾਦੀ ਤੋਂ ਬਾਅਦ ਹਰ ਸਕਾਰਾਤਮਕ ਪ੍ਰਾਪਤੀ ਦਾ ਸਿਹਰਾ ਇਕ ਪਰਿਵਾਰ ਨੂੰ ਦੇਣ ਦੀ ਪ੍ਰਵਿਰਤੀ ਕਿਵੇਂ ਵਿਕਸਤ ਹੋਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੇ 'ਅੰਤੋਦਯ ਵਿਜ਼ਨ' ਨੂੰ ਆਪਣਾ ਮਿਸ਼ਨ ਬਣਾਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਯੋਜਨਾਵਾਂ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਗਰੀਬਾਂ ਤੱਕ ਪਹੁੰਚ ਸਕਣ | ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵਲੋਂ ਬਣਾਈ ਗਈ ਚੰਗੇ ਸ਼ਾਸਨ ਦੀ ਵਿਰਾਸਤ ਨੂੰ ਹੁਣ ਕੇਂਦਰ ਤੇ ਰਾਜ ਪੱਧਰ 'ਤੇ ਨਵੀਆਂ ਉਚਾਈਆਂ 'ਤੇ ਲਿਜਾਇਆ ਜਾ ਰਿਹਾ ਹੈ, ਜਿਸ ਦੇ ਤਹਿਤ 2014 ਤੋਂ ਪਹਿਲਾਂ ਲਗਭਗ 25 ਕਰੋੜ ਲੋਕ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਅਧੀਨ ਆਉਂਦੇ ਸਨ, ਜਦੋਂ ਕਿ ਅੱਜ ਇਹ ਗਿਣਤੀ ਵਧ ਕੇ 95 ਕਰੋੜ ਹੋ ਗਈ ਹੈ | ਅੱਜ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ 101ਵੀਂ ਜਨਮ ਵਰੇਗੰਢ ਮੌਕੇ ਕੀਤੇ ਗਏ ਇਸ ਉਦਘਾਟਨੀ ਸਮਾਗਮ 'ਚ ਮੋਦੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ | ਇਸ ਵਿਸ਼ਾਲ ਕੰਪਲੈਕਸ 'ਚ ਵਾਜਪਾਈ ਦੇ ਨਾਲ ਭਾਜਪਾ ਦੇ ਵਿਚਾਰਧਾਰਕ ਸ਼ਿਆਮਾ ਪ੍ਰਸਾਦ ਮੁਖਰਜੀ ਤੇ ਪੰਡਿਤ ਦੀਨ ਦਿਆਲ ਉਪਾਧਿਆਏ ਦੇ 65 ਫੁੱਟ ਉੱਚੇ ਕਾਂਸੀ ਦੇ ਬੁੱਤ ਹਨ | ਹਰੇਕ ਬੁੱਤ ਦਾ ਭਾਰ 42 ਟਨ ਦੱਸਿਆ ਜਾ ਰਿਹਾ ਹੈ | ਪ੍ਰੇਰਨਾ ਸਥਲ 65 ਏਕੜ 'ਚ ਫੈਲਿਆ ਹੋਇਆ ਹੈ ਤੇ ਲਗਭਗ 230 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ | ਇਸ ਦੀ ਉਸਾਰੀ 2022 'ਚ ਸ਼ੁਰੂ ਹੋਈ ਸੀ | ਇਸ 'ਚ 98,000 ਵਰਗ ਫੁੱਟ 'ਚ ਫੈਲਿਆ ਇਕ ਕਮਲ ਦੇ ਅਕਾਰ ਦਾ ਅਤਿ-ਆਧੁਨਿਕ ਅਜਾਇਬ ਘਰ ਵੀ ਹੈ | ਜਿਸਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਹੋਰ ਨੇਤਾਵਾਂ ਨੇ ਇਸਦਾ ਦੌਰਾ ਕੀਤਾ ਤੇ ਵਾਜਪਾਈ, ਮੁਖਰਜੀ ਤੇ ਦੀਨਦਿਆਲ ਉਪਾਧਿਆਏ ਦੇ ਜੀਵਨ ਤੇ ਯੋਗਦਾਨ ਨੂੰ ਸਮਰਪਿਤ ਪ੍ਰਦਰਸ਼ਨੀਆਂ ਵੇਖੀਆਂ |
ਰਾਸ਼ਟਰਪਤੀ, ਪ੍ਰਧਾਨ ਮੰਤਰੀ ਵਲੋਂ ਵਾਜਪਾਈ ਨੂੰ ਸ਼ਰਧਾਂਜਲੀ ਭੇਟ
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਾਰਕ 'ਸਦੈਵ ਅਟਲ' ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਾਬਕਾ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਜੇ.ਪੀ. ਨੱਡਾ, ਨਿਰਮਲਾ ਸੀਤਾਰਮਨ, ਐਨ.ਡੀ.ਏ. ਸਹਿਯੋਗੀ ਜੇ.ਡੀ.-ਯੂ. ਨੇਤਾ ਤੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ, ਕਈ ਹੋਰ ਮੰਤਰੀ, ਸੰਸਦ ਮੈਂਬਰ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਇਸ ਸਮਾਗਮ 'ਚ ਸ਼ਾਮਿਲ ਹੋਏ |