ਕਿਹਾ, 'ਵੀਰ ਬਾਲ ਦਿਵਸ' ਬੱਚਿਆਂ 'ਚ ਬਹਾਦਰੀ,
ਆਤਮ ਵਿਸ਼ਵਾਸ ਤੇ ਰਾਸ਼ਟਰ ਸੇਵਾ ਦੀ ਭਾਵਨਾ ਮਜ਼ਬੂਤ ਕਰਦੈ
ਨਵੀਂ ਦਿੱਲੀ, 26 ਦਸੰਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪਮ ਵਿਖੇ 'ਵੀਰ ਬਾਲ ਦਿਵਸ' ਸੰਬੰਧੀ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ, ਜਿਹੜੇ ਆਪਣੀਆਂ ਨਿੱਕੀਆਂ ਉਮਰਾਂ ਦੇ ਬਾਵਜੂਦ ਉਸ ਸਮੇਂ ਦੀ ਜ਼ਾਲਮ ਹਕੂਮਤ ਦੇ ਖ਼ਿਲਾਫ਼ ਚੱਟਾਨ ਵਾਂਗ ਡਟੇ ਰਹੇ ਅਤੇ ਫਿਰ ਆਪਣੀਆਂ ਸ਼ਹਾਦਤਾਂ ਦੇ ਕੇ ਧਾਰਮਿਕ ਕੱਟੜਤਾ ਅਤੇ ਅੱਤਵਾਦ ਦਾ ਵਜੂਦ ਹਿਲਾ ਕੇ ਰੱਖ ਦਿੱਤਾ ¢ ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ 'ਵੀਰ ਬਾਲ ਦਿਵਸ' ਦਾ ਇਹ ਦਿਨ ਭਾਵਨਾਵਾਂ ਅਤੇ ਸਤਿਕਾਰ ਨਾਲ ਭਰਿਆ ਹੋਇਆ ਹੈ ¢ ਉਨ੍ਹਾਂ ਕਿਹਾ ਕਿ ਉਸ ਸਮੇਂ ਲੜਾਈ ਦੇ ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਨ ਅਤੇ ਦੂਜੇ ਪਾਸੇ ਔਰੰਗਜ਼ੇਬ ਦੀ ਜ਼ਾਲਮ ਹਕੂਮਤ ਸੀ¢ ਇਹ ਲੜਾਈ ਭਾਰਤ ਦੇ ਮੂਲ ਆਦਰਸ਼ਾਂ ਅਤੇ ਧਾਰਮਿਕ ਕੱਟੜਤਾ ਦੇ ਵਿਚਕਾਰ ਸੀ¢ ਸਾਹਿਬਜ਼ਾਦਿਆਂ ਨੂੰ ਭਾਰਤ ਦਾ ਮਾਣ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਇਕ ਵਿਲੱਖਣ ਸ਼ਹਾਦਤ ਦੀ ਮਿਸਾਲ ਹਨ, ਕਿਉਂਕਿ ਨਿੱਕੀ ਉਮਰ ਵਿਚ ਹੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਆਪਣੇ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਨਾਲ ਟਕਰਾਉਣਾ ਪਿਆ¢ ਉਨ੍ਹਾਂ ਦੀ ਬਹਾਦਰੀ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ¢ ਔਰੰਗਜ਼ੇਬ ਨੇ ਬੇਸ਼ੱਕ ਜ਼ੁਲਮਾਂ ਦੀ ਹੱਦ ਪਾਰ ਕਰਦਿਆਂ ਸਾਹਿਬਜ਼ਾਦਿਆਂ ਦੀ ਛੋਟੀ ਉਮਰ 'ਤੇ ਵੀ ਕੋਈ ਰਹਿਮ ਨਹੀਂ ਵਿਖਾਇਆ ਪਰ ਉਹ ਸਾਹਿਬਜ਼ਾਦਿਆਂ ਵਿਚੋਂ ਇਕ ਦਾ ਵੀ ਹੌਸਲਾ ਡਿਗਾ ਨਹੀਂ ਸਕਿਆ ¢ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੁੰਦੀ ਹੈ ਕਿ ਸਾਡੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ 'ਵੀਰ ਬਾਲ ਦਿਵਸ' ਮਨਾਉਣਾ ਸ਼ੁਰੂ ਕੀਤਾ ਹੈ¢ ਇਸ ਦਿਨ ਨੂੰ ਸ਼ਰਧਾ, ਹਿੰਮਤ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਦੱਸਦਿਆਂ ਮੋਦੀ ਨੇ ਕਿਹਾ ਕਿ 'ਵੀਰ ਬਾਲ ਦਿਵਸ' ਸਾਨੂੰ ਇਤਿਹਾਸ ਦੇ ਉਨ੍ਹਾਂ ਪੰਨਿਆਂ ਦੀ ਯਾਦ ਦਿਵਾਉਂਦਾ ਹੈ, ਜਿਥੇ ਛੋਟੀ ਉਮਰ ਵਿਚ ਵੀ ਸੱਚ ਲਈ ਬੇਮਿਸਾਲ ਬਹਾਦਰੀ, ਸ਼ਰਧਾ ਅਤੇ ਸਰਬਉੱਚ ਕੁਰਬਾਨੀ ਦਿੱਤੀ ਗਈ ਸੀ¢ ਮੋਦੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ ਅਸੀਂ 26 ਦਸੰਬਰ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਉਣ ਦੀ ਸ਼ੁਰੂਆਤ ਕੀਤੀ ¢ ਬੀਤੇ 4 ਸਾਲਾਂ ਵਿਚ ਇਹ ਪਰੰਪਰਾ ਯਾਨੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਭਾਵਨਾ ਨੂੰ ਬੱਚਿਆਂ ਅਤੇ ਨੌਜਵਾਨਾਂ ਤੱਕ ਸਫ਼ਲਤਾਪੂਰਵਕ ਪਹੁੰਚਾ ਰਹੀ ਹੈ ¢ ਉਨ੍ਹਾਂ ਕਿਹਾ ਕਿ ਭਾਰਤ ਨੇ ਤੈਅ ਕੀਤਾ ਹੈ ਕਿ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪਾਉਣੀ ਹੀ ਹੋਵੇਗੀ ¢ ਹੁਣ ਦੇਸ਼ ਦੇ ਨਾਇਕਾਂ ਨੂੰ ਹਾਸ਼ੀਏ 'ਤੇ ਨਹੀਂ ਰੱਖਿਆ ਜਾਵੇਗਾ¢ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 'ਵੀਰ ਬਾਲ ਦਿਵਸ' ਨੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਕੰਮ ਕੀਤਾ ਹੈ ¢ ਇਹ ਦਿਨ ਬੱਚਿਆਂ ਵਿਚ ਬਹਾਦਰੀ, ਆਤਮ ਵਿਸ਼ਵਾਸ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ¢ ਉਨ੍ਹਾਂ ਕਿਹਾ ਕਿ ਇਸ ਮੰਚ ਰਾਹੀਂ ਦੇਸ਼ ਭਰ ਦੇ ਬੱਚਿਆਂ ਨੂੰ ਅੱਗੇ ਵਧਣ ਅਤੇ ਕੁਝ ਨਵਾਂ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ¢ ਮੋਦੀ ਨੇ ਦੱਸਿਆ ਕਿ ਇਸ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਆਏ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ¢
ਸਾਹਿਬਜ਼ਾਦਿਆਂ ਦਾ ਜੀਵਨ ਅਤੇ ਆਦਰਸ਼ ਪੀੜ੍ਹੀਆਂ ਤੱਕ ਪ੍ਰੇਰਿਤ ਕਰਦੇ ਰਹਿਣਗੇ-ਪ੍ਰਧਾਨ ਮੰਤਰੀ
ਅਜੀਤ ਡੈਸਕ
27-12-2025