ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਨੌਜਵਾਨਾਂ 'ਚ ਤੰਬਾਕੂਨੋਸ਼ੀ ਦੀ ਵੱਧ ਰਹੀ ਆਦਤ ਸਮਾਜ ਲਈ ਇੱਕ ਵੱਡਾ ਖ਼ਤਰਾ ਬਣ ਕੇ ਸਾਹਮਣੇ ਆ ਰਹੀ ਹੈ | ਯੁਵਾ ਅਵਸਥਾ ਜ਼ਿੰਦਗੀ ਦਾ ਉਹ ਪੜਾਅ ਹੈ ਜਿੱਥੇ ਵਿਅਕਤੀਗਤ ਰੂਪ ਵਿਚ ਵਿਅਕਤੀ ਦੇ ਵਿਕਾਸ ਦੀ ਨੀਂਹ ਰੱਖੀ ਜਾਂਦੀ ਹੈ ਤੇ ਇਸ ਪੜਾਅ ਤੇ ਸਿਗਰਟ ਸਮੇਤ ਕਿਸੇ ਵੀ ਹੋਰ ਤਰ੍ਹਾਂ ਦੇ ਨਸ਼ੇ ਦਾ ਕਿਸੇ ਵੀ ਰੂਪ ਵਿਚ ਇਸਤੇਮਾਲ ਕਰਨਾ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ | ਇਹ ਵਿਚਾਰ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਦਫ਼ਤਰ ਸਿਵਲ ਸਰਜਨ ਵਿਖੇ ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੌਰਾਨ ਕਹੇ | ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ: ਡੀ.ਪੀ. ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ .ਰਣਜੀਤ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਮਨਿੰਦਰ ਕੌਰ, ਜ਼ਿਲ੍ਹਾ ਐਪੀਡਿਮੋਲੇਜਿਸਟ ਡਾ. ਜਗਦੀਪ ਸਿੰਘ, ਡਾ. ਸ਼ਾਲਿਨੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਡੀ.ਪੀ.ਐਮ ਮੁਹੰਮਦ ਆਸਿਫ਼, ਏ.ਐਨ.ਐਮ. ਟਰੇਨਿੰਗ ਸਕੂਲ ਦੇ ਪਿ੍ੰਸੀਪਲ ਸੁਖਵਿੰਦਰ ਕੌਰ, ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਅਤੇ ਦਫ਼ਤਰ ਸਿਵਲ ਸਰਜਨ ਦਾ ਹੋਰ ਸਟਾਫ਼ ਸ਼ਾਮਿਲ ਹੋਇਆ | ਇਸ ਮੌਕੇ ਤੰਬਾਕੂ ਪਦਾਰਥਾਂ ਦਾ ਇਸਤੇਮਾਲ ਨਾ ਕਰਨ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਜਾਗਰੂਕ ਕਰਨ ਸਬੰਧੀ ਸਹੰੁ ਚੁੱਕੀ ਗਈ | ਡਾ. ਪਵਨ ਕੁਮਾਰ ਨੇ ਕਿਹਾ ਕਿ ਸਿਗਰਟਨੋਸ਼ੀ ਜਾਂ ਕਿਸੇ ਵੀ ਤੰਬਾਕੂ ਪਦਾਰਥ ਦੀ ਲੱਤ ਤੋਂ ਛੁਟਕਾਰਾ ਮਜ਼ਬੂਤ ਇੱਛਾ ਸ਼ਕਤੀ ਅਤੇ ਸਵੈ ਵਚਨਬੱਧਤਾ ਨਾਲ ਹੀ ਪਾਇਆ ਜਾ ਸਕਦਾ ਹੈ | ਡਾ. ਜਗਦੀਪ ਨੇ ਤੰਬਾਕੂ ਕੰਟਰੋਲ ਐਕਟ ਅਧੀਨ ਤੰਬਾਕੂ ਵਿਰੋਧੀ ਕਾਨੂੰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ |