ਗੜ੍ਹਦੀਵਾਲਾ, 1 ਜੂਨ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪਿ੍ੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਪੰਜਾਬ ਬਾਇਓ ਡਾਇਵਰਸਿਟੀ ਬੋਰਡ ਗੌਰਮਿੰਟ ਆਫ਼ ਪੰਜਾਬ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ 'ਕੁਦਰਤ ਨਾਲ ਇਕਸੁਰਤਾ ਤੇ ਟਿਕਾਊ ਵਿਕਾਸ' ਵਿਸ਼ੇ ਉੱਪਰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਹਾਈਬਿ੍ਡ ਮੋਡ ਦੁਆਰਾ ਕਰਵਾਇਆ ਗਿਆ | ਜਿਸ ਵਿਚ ਵਾਤਾਵਰਨ ਵਿਸ਼ੇ ਨਾਲ ਸੰਬੰਧਿਤ ਵਿਦਵਾਨਾਂ, ਖੇਤੀਬਾੜੀ ਮਾਹਿਰਾਂ, ਵੱਖ-ਵੱਖ ਕਾਲਜ ਦੇ ਅਧਿਆਪਕਾਂ, ਸਕਾਲਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ | ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਡਾ. ਅਰਵਿੰਦਰ ਕੌਰ ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਜੀਵ ਵਿਗਿਆਨ ਵਿਭਾਗ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿਚ ਤੇਜ਼ੀ ਨਾਲ ਬਦਲ ਰਹੀਆਂ ਗਲੋਬਲ ਪਰਿਸਥਿਤੀਆਂ ਨੂੰ ਧਿਆਨ ਵਿਚ ਰੱਖਦਿਆਂ ਟਿਕਾਊ ਵਿਕਾਸ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ | ਡਾ. ਦਿਵਾਂਸ਼ੂ ਗੁਪਤਾ ਵਿਗਿਆਨੀ-ਡੀ ਜਿਓਲੋਜੀਕਲ ਸਰਵੇ ਆਫ਼ ਇੰਡੀਆ ਕਲਕੱਤਾ ਬੈੱਸਟ ਬੰਗਾਲ ਨੇ ਕਿਹਾ ਕਿ ਵਿਕਾਸ ਦੀ ਦੌੜ ਵਿਚ ਮਨੁੱਖ ਕੁਦਰਤੀ ਸੰਪਤੀਆਂ ਹਵਾ, ਪਾਣੀ, ਮਿੱਟੀ, ਜੰਗਲ, ਜੈਵਿਕਤਾ ਆਦਿ ਦੀ ਸੁਰੱਖਿਆ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ |ਜਿਸ ਦਾ ਨਤੀਜਾ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ | ਜਦ ਕਿ ਡਾ. ਗੁਰਕੰਵਲ ਸਿੰਘ ਸਹੋਤਾ ਸਾਬਕਾ ਡਾਇਰੈਕਟਰ ਹਾਰਟੀਕਲਚਰ ਪੰਜਾਬ ਗੌਰਮਿੰਟ ਚੰਡੀਗੜ੍ਹ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੁਦਰਤ ਨਾਲ ਇਕਸੁਰਤਾ ਰੱਖਣਾ ਤੇ ਵਿਕਾਸ ਵਿੱਚ ਟਿਕਾਊਪਨ ਲਿਆਉਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ | ਡਾ. ਅਰਵਿੰਦ ਸਿੰਘ ਨੇ ਦੂਸਰੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕੀਤੀ | ਸੈਮੀਨਾਰ ਵਿਚ ਵੱਖ-ਵੱਖ ਕਾਲਜਾਂ ਦੇ ਅਧਿਆਪਕ ਸਾਹਿਬਾਨ ਅਤੇ ਰਿਸਰਚ ਸਕਾਲਰਾਂ ਨੇ ਵਿਸ਼ੇ ਨਾਲ ਸੰਬੰਧਿਤ ਆਪਣੇ ਪੇਪਰ ਪ੍ਰਸਤੁਤ ਕੀਤੇ | ਅਖੀਰ 'ਚ ਪਿ੍ੰਸੀਪਲ ਡਾ. ਜਸਪਾਲ ਸਿੰਘ ਨੇ ਸੈਮੀਨਾਰ ਦੇ ਪ੍ਰਮੁੱਖ ਬੁਲਾਰਿਆਂ, ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |