ਹਾਜੀਪੁਰ, 2 ਜੂਨ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ 'ਚ ਅਵਾਰਾ ਪਸ਼ੂਆਂ ਦੀ ਤਾਦਾਦ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਕੁੱਝ ਲੋਕ ਆਪਣੇ ਨਿੱਜੀ ਸਵਾਰਥ ਲਈ ਪਸ਼ੂਆਂ ਨੂੰ ਬਾਹਰਲੇ ਪਿੰਡਾਂ 'ਚੋਂ ਗੱਡੀਆਂ ਵਿਚ ਲੱਦ ਕੇ ਛੱਡ ਕੇ ਭੱਜ ਜਾਂਦੇ ਹਨ ਜਿਸ ਕਰਕੇ ਕਸਬਾ ਹਾਜੀਪੁਰ ਤੇ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਇਨ੍ਹਾਂ ਆਵਾਰਾ ਪਸ਼ੂਆਂ ਤੋ ਢਾਡੇ ਪ੍ਰੇਸ਼ਾਨ ਹਨ | ਪਸ਼ੂ ਝੰੁਡਾਂ 'ਚ ਨਿਕਲਦੇ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨਸ਼ਟ ਕਰਕੇ ਭੱਜ ਜਾਂਦੇ ਹਨ | ਕਸਬਾ ਹਾਜੀਪੁਰ ਦੀਆਂ ਗਲੀਆਂ 'ਚ ਆਵਾਰਾ ਪਸ਼ੂ ਆਮ ਘੁੰਮਦੇ ਦੇਖੇ ਜਾ ਸਕਦੇ ਹਨ ਤੇ ਬੱਚਿਆਂ ਤੇ ਬਜ਼ੁਰਗਾਂ ਦਾ ਗਲੀਆਂ 'ਚ ਚੱਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਵੱਡੇ ਜ਼ਿਮੀਂਦਾਰ ਤਾਂ ਖੇਤਾਂ ਨੂੰ ਤਾਰ ਲਗਾ ਕੇ ਆਵਾਰਾ ਪਸ਼ੂਆਂ ਤੋਂ ਬੱਚ ਗਏ ਹਨ ਪਰ ਛੋਟੇ ਜ਼ਿਮੀਂਦਾਰਾਂ ਨੇ ਆਪਣੀਆਂ ਜ਼ਮੀਨਾਂ ਖ਼ਾਲੀ ਰੱਖੀਆਂ ਹਨ | ਆਵਾਰਾ ਪਸ਼ੂ ਝੰੁਡਾਂ ਦੇ ਰੂਪ ਵਿਚ ਸੜਕਾਂ 'ਤੇ ਫਿਰਦੇ ਹਨ ਤੇ ਹਾਦਸੇ ਦਾ ਕਾਰਨ ਬਣਦੇ ਹਨ ਤੇ ਇਨ੍ਹਾਂ ਨਾਲ ਟਕਰਾ ਕੇ ਕਈ ਲੋਕ ਜਾਨਾਂ ਗੁਆ ਚੁੱਕੇ ਹਨ | ਪਰੰਤੂ ਪ੍ਰਸ਼ਾਸਨ ਵਲੋਂ ਇਨ੍ਹਾਂ ਆਵਾਰਾ ਪਸ਼ੂਆਂ ਦਾ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਸਬੰਧੀ ਇਲਾਕੇ ਦੇ ਪਤਵੰਤੇ ਤੇ ਸਮਾਜ ਸੇਵਕ ਬਲਜੀਤ ਸਿੰਘ ਗਿਫਟਾ, ਸੁਖਦੇਵ ਸਿੰਘ ਸੈਣੀ, ਜਗਜੀਤ ਸਿੰਘ ਨਿਕੁਚੱਕ, ਲੰਬੜਦਾਰ ਅਸ਼ਵਨੀ ਕੁਮਾਰ ਗੇਰਾ, ਕਿਸਾਨ ਬਚਨ ਸਿੰਘ ਗੇਰਾ, ਜਗਦੀਪ ਸਿੰਘ ਗੇਰਾ, ਗੁਰਦੀਪ ਸਿੰਘ, ਸੰਤੋਖ ਸਿੰਘ ਆਦਿ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕ ਅਵਾਰਾ ਪਸ਼ੂਆਂ ਤੋਂ ਵੱਡੀ ਪ੍ਰੇਸ਼ਾਨੀ ਵਿਚ ਹਨ ਤੇ ਧਾਰਮਿਕ ਸੰਸਥਾਵਾਂ ਵੀ ਇਨ੍ਹਾਂ ਅਵਾਰਾ ਪਸ਼ੂਆਂ ਦੇ ਹੱਲ ਲਈ ਕੁੱਝ ਨਹੀਂ ਕਰ ਰਹੀਆਂ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਲੋਕ ਆਵਾਰਾ ਪਸ਼ੂ ਛੱਡ ਕੇ ਜਾਂਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਕਸਬੇ 'ਚ ਸਰਕਾਰੀ ਜਗ੍ਹਾ 'ਤੇ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ ਅਵਾਰਾ ਪਸ਼ੂਆਂ ਦਾ ਹੱਲ ਹੋ ਸਕੇ |