ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭੋਜਨ ਪਦਾਰਥ, ਵਾਤਾਵਰਨ ਅਤੇ ਕੁਦਰਤੀ ਸਾਧਨ ਹਰ ਪ੍ਰਾਣੀ ਦੀ ਸਿਹਤ ਦੀ ਤੰਦਰੁਸਤੀ 'ਚ ਇਕ ਵਡਮੁੱਲਾ ਸਥਾਨ ਰੱਖਦੇ ਹਨ, ਪ੍ਰੰਤੂ ਰਹੀਮਪੁਰ ਸਬਜ਼ੀ ਮੰਡੀ 'ਚ ਫੈਲੀ ਗੰਦਗੀ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਰਹੀਮਪੁਰ ਸਬਜ਼ੀ ਮੰਡੀ ਵਿਖੇ ਵੱਖ-ਵੱਖ ਸਥਾਨਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਅਤੇ ਉਨ੍ਹਾਂ 'ਚ ਉਡਾਰੀਆਂ ਮਾਰਦੀਆਂ ਮੱਖੀਆਂ ਤੇ ਮੱਛਰਾਂ ਅਤੇ ਮੰਡੀ ਦੀਆਂ ਟੁੱਟੀਆਂ ਸੜਕਾਂ ਪ੍ਰਤੀ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਮੁਸ਼ਕਿਲਾਂ ਵੱਲ ਧਿਆਨ ਨਾ ਦੇਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਮੰਡੀ ਦੀ ਕਮਾਈ ਦਾ 80 ਫ਼ੀਸਦੀ ਹਿੱਸਾ ਮੰਡੀ ਦੇ ਅੰਦਰ ਸੁਧਾਰ ਲਈ ਖ਼ਰਚ ਹੁੰਦਾ ਹੈ ਤਾਂ ਮੰਡੀ ਦੀ ਅੰਦਰੂਨੀ ਹਾਲਤ ਸੁਧਾਰੀ ਜਾ ਸਕਦੀ ਹੈ | ਧੀਮਾਨ ਨੇ ਕਿਹਾ ਕਿ ਮੰਡੀ ਦੀ ਖਸਤਾ ਹਾਲਤ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਮੰਡੀਕਰਨ ਬੋਰਡ, ਜ਼ਿਲ੍ਹਾ ਸਿਹਤ ਅਫ਼ਸਰ, ਨਗਰ ਨਿਗਮ ਹੁਸ਼ਿਆਰਪੁਰ ਅਤੇ ਸ਼ਹਿਰ ਵਿਚ ਰਹਿੰਦੇ ਮੰਤਰੀਆਂ, ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਲੋਕਾਂ ਨੂੰ ਦੁਨੀਆਂ ਦੀ ਸਭ ਤੋਂ ਗੰਦੀ ਵਿਵਸਥਾ ਮੁਹੱਈਆ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਗੰਦਗੀ ਨੂੰ ਸਫ਼ਾਈ 'ਚ ਹੋਰ ਕਿੰਨੀਆਂ ਸਦੀਆਂ ਵਿਚ ਬਦਲਾਂਗੇ? ਕੀ ਗੰਦਗੀ ਫੈਲਾਅ ਕੇ ਰਖਣ ਨੂੰ ਵਿਕਾਸ ਕਿਹਾ ਜਾਂਦਾ ਹੈ? ਧੀਮਾਨ ਨੇ ਕਿਹਾ ਕਿ ਕਮੇਟੀ ਦੇ ਦਫ਼ਤਰ ਦੇ ਕੋਲ ਤਾਂ ਇੰਨਾ ਗੰਦ ਹੈ ਕਿ ਕਮੇਟੀ ਦੇ ਅਧਿਕਾਰੀਆਂ ਨੂੰ ਨਾ ਨਜ਼ਰ ਆ ਰਿਹਾ ਹੈ ਤੇ ਨਾ ਹੀ ਉਸ ਗੰਦਗੀ ਦੀ ਬਦਬੂ ਆ ਰਹੀ ਹੈ ਅਤੇ ਨਾ ਹੀ ਉਸ ਗੰਦਗੀ 'ਚੋਂ ਪੈਦਾ ਹੁੰਦਾ ਮਾਈਕ੍ਰੋ ਬੈਕਟੀਰੀਆ ਅਤੇ ਮੱਖੀਆਂ ਤੱਕ ਮਹਿਸੂਸ ਨਹੀਂ ਹੁੰਦੀਆਂ | ਧੀਮਾਨ ਨੇ ਦੱਸਿਆ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਪੜੇ੍ਹ-ਲਿਖੇ ਲੋਕ ਭੋਜਨ ਪਦਾਰਥਾਂ ਪ੍ਰਤੀ ਜਾਗਰੂਕ ਹਨ ਤੇ ਨਾ ਹੀ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ, ਬਾਕੀ ਦੇ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦਾ ਧਿਆਨ ਤਾਂ ਜੇਬਾਂ ਮੋਟੀਆਂ ਕਰਨ 'ਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਸੜਕਾਂ ਦੀ ਖਸਤਾ ਹਾਲਤ ਦਾ ਬੁਰਾ ਪ੍ਰਭਾਵ ਆਮ ਦੁਕਾਨਦਾਰਾਂ, ਸਬਜ਼ੀ ਤੇ ਫਰੂਟ ਵਿਕੇ੍ਰਤਾਵਾਂ ਅਤੇ ਖ਼ਰੀਦਦਾਰਾਂ ਤੇ ਭੋਜਨ ਪਦਾਰਥਾਂ 'ਤੇ ਬਰਾਬਰ ਪੈਂਦਾ ਹੈ | ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਡੀ ਦੇ ਸੁਧਾਰ ਲਈ ਤਾਂ ਇਕੱਠੇ ਹੋ ਜਾਵੋਂ ਜਿੱਥੋਂ ਭੋਜਨ ਪਦਾਰਥ ਲੈ ਕੇ ਖਾਣੇ ਹੁੰਦੇ ਹਨ, ਅਗਰ ਮੰਡੀ ਦੀ ਹਾਲਤ ਵੇਖ ਕੇ ਵੀ ਜਾਗਰੂਕ ਨਹੀਂ ਹੋਏ ਤਾਂ ਫਿਰ ਹਸਪਤਾਲ ਵਿਚ ਬੈੱਡ ਪੱਕਾ ਲੱਗੇਗਾ |