ਬੀਣੇਵਾਲ, 3 ਜੂਨ (ਬੈਜ ਚੌਧਰੀ)-ਬੀਤੇ ਦਿਨ ਸਤਲੁਜ ਦਰਿਆ 'ਚੋਂ ਮਿਲੀ ਪਿੰਡ ਨੈਣਵਾਂ ਦੇ ਨੌਜਵਾਨ ਭੁਪਿੰਦਰ ਸਿੰਘ ਦੀ ਲਾਸ਼ ਦੀ ਪਹਿਚਾਣ ਹੋ ਚੁੱਕੀ ਹੈ | ਗੜ੍ਹਸ਼ੰਕਰ ਪੁਲਿਸ ਨੇ ਮਿ੍ਤਕ ਭੁਪਿੰਦਰ ਸਿੰਘ ਦੇ ਪਿਤਾ ਜਗਜੀਵਨ ਰਾਮ ਪੁੱਤਰ ਆਤਮਾ ਰਾਮ ਦੇ ਬਿਆਨਾਂ 'ਤੇ ਬੀਤ ਇਲਾਕੇ ਦੇ ਇਕ ਪਿੰਡ ਦੀ ਮਹਿਲਾ ਤੇ ਉਸ ਦੀ ਧੀ ਦੇ ਵਿਰੁੱਧ ਧਾਰਾ 306, 34 ਆਈ.ਪੀ ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਜਗਜੀਵਨ ਰਾਮ ਨੇ ਕਿਹਾ ਕਿ ਉਹ ਅੱਡਾ ਕਾਣੇਵਾਲ 'ਚ ਟੇਲਰ ਦੀ ਦੁਕਾਨ ਕਰਦਾ ਹੈ ਅਤੇ ਉਸ ਦਾ ਬੇਟਾ ਭੁਪਿੰਦਰ ਸਿੰਘ ਅੱਡਾ ਅਚਲਪੁਰ ਵਿਚ ਨਾਈ ਦੀ ਦੁਕਾਨ 'ਤੇ ਕੰਮ ਕਰਦਾ ਸੀ | ਮੇਰੇ ਪੁੱਤਰ ਦੇ ਕਰੀਬ ਇੱਕ ਸਾਲ ਪਹਿਲਾਂ ਤੋਂ ਇਕ ਲੜਕੀ ਨਾਲ ਦੋਸਤੀ ਸੀ | ਉਕਤ ਲੜਕੀ ਤੇ ਉਸ ਦੀ ਮਾਂ ਮੇਰੇ ਲੜਕੇ 'ਤੇ ਵਿਆਹ ਕਰਵਾਉਣ ਲਈ ਦਬਾਅ ਬਣਾ ਰਹੀਆਂ ਸਨ, ਪਰ ਮੇਰਾ ਬੇਟਾ ਵਿਆਹ ਲਈ ਤਿਆਰ ਨਹੀਂ ਸੀ | ਇਸ ਕਰਕੇ ਦੋਵੇਂ ਮਾਂ-ਧੀ ਮੇਰੇ ਬੇਟੇ ਨੂੰ ਨਾਜਾਇਜ਼ ਪ੍ਰੇਸ਼ਾਨ ਕਰ ਰਹੀਆਂ ਸਨ | ਦੱਸਣਯੋਗ ਹੈ ਕਿ ਮਿ੍ਤਕ 25 ਮਈ ਨੂੰ ਗੁੰਮ ਹੋਇਆ ਸੀ ਤੇ 26 ਮਈ ਨੂੰ ਉਸ ਦਾ ਮੋਟਰਸਾਈਕਲ ਬੰਦਲਹਿੜੀ (ਨੰਗਲ) ਨੇੜੇ ਭਾਖੜਾ ਨਹਿਰ ਕੰਢੇ ਤੋਂ ਮਿਲਿਆ ਸੀ ਅਤੇ 2 ਜੂਨ ਨੂੰ ਭੁਪਿੰਦਰ ਸਿੰਘ ਦੀ ਲਾਸ਼ ਟੁਕੜਿਆਂ 'ਚ ਸਤਲੁਜ ਦਰਿਆ 'ਚੋਂ ਮਿਲੀ ਸੀ |