ਮਿਆਣੀ, 1 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਕਟ ਦੀ ਇਸ ਘੜੀ 'ਚ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੀ ਹੈ ਤੇ ਇਸ ਸੰਕਟ 'ਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਮੁੱਖ ਮੰਤਰੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਹਲਕੇ ਦੇ ਬੇਟ ਖੇਤਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਮਿਆਣੀ ਦੇ ਰਾਹਤ ਕੈਂਪ ਵਿਖੇ ਰਹਿ ਰਹੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ | ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਆਫ਼ਤ ਨਾਲ ਸੂਬੇ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਲਈ ਜੰਗੀ ਪੱਧਰ ਕਾਰਜ ਵਿੱਢਿਆ ਹੋਇਆ ਹੈ | ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਚੁਣੌਤੀਪੂਰਨ ਸਮੇਂ 'ਚ ਰਾਹਤ ਕਾਰਜਾਂ ਲਈ ਪਹਿਲਾਂ ਹੀ ਵਿਆਪਕ ਪੱਧਰ 'ਤੇ ਕਦਮ ਚੁੱਕੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਲੋਕਾਂ ਨੂੰ ਸੰਕਟ 'ਚੋਂ ਕੱਢਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਨੀਵੇਂ ਇਲਾਕਿਆਂ ਵਿਚੋਂ ਲੋਕਾਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦੇਣ ਲਈ ਪਹਿਲਾਂ ਹੀ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ | ਭਗਵੰਤ ਮਾਨ ਨੇ ਕਿਹਾ ਕਿ ਕੁਦਰਤੀ ਆਫ਼ਤ ਨਾਲ ਪੈਦਾ ਹੋਈ ਸਥਿਤੀ 'ਤੇ ਉਹ ਨਿਰੰਤਰ ਨਜ਼ਰ ਰੱਖ ਰਹੇ ਹਨ | ਮੁੱਖ ਮੰਤਰੀ ਨੇ ਰਾੜਾ ਪੁਲ ਤੇ ਹੋਰ ਥਾਵਾਂ ਦਾ ਦੌਰਾ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ 'ਚ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲਿਆ | ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦਰਿਆਵਾਂ ਦੇ ਨਾਲ ਲੱਗਦੇ ਪਾੜਾਂ ਨੂੰ ਪੂਰਨ ਦੇ ਨਾਲ-ਨਾਲ ਮੈਡੀਕਲ ਟੀਮਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਹਰੇਕ ਪਿੰਡ ਵਿਚ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਦੇ ਨਾਲ-ਨਾਲ ਮੈਡੀਕਲ ਟੀਮਾਂ ਨੂੰ ਪਾਣੀ ਦੇ ਨਮੂਨੇ ਲੈਣ, ਘਰਾਂ ਤੇ ਪਿੰਡਾਂ ਦੇ ਅੰਦਰ ਅਤੇ ਬਾਹਰ ਸਪਰੇਅ ਦੇ ਛਿੜਕਾਅ, ਪਾਣੀ ਦੀ ਕਲੋਰੀਨੇਸ਼ਨ, ਬੁਖ਼ਾਰ ਦੇ ਸਰਵੇਖਣ, ਮਲੇਰੀਆ ਅਤੇ ਡੇਂਗੂ ਦਾ ਸਮੇਂ ਸਿਰ ਪਤਾ ਲਾਉਣ ਲਈ ਕਾਰਡ ਟੈੱਸਟ ਤੇ ਸੈਨੇਟਰੀ ਨੈਪਕਿਨ ਅਤੇ ਮੱਛਰਦਾਨੀਆਂ ਵੰਡਣ ਦੇ ਕਾਰਜਾਂ ਲਈ ਵੀ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ | ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ ਵਿਚ ਸਾਫ਼ ਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੇ ਟੈਂਕਰਾਂ ਨੂੰ ਉਦੋਂ ਤੱਕ ਸੇਵਾ ਲਈ ਲਾਇਆ ਜਾਵੇ, ਜਦੋਂ ਤੱਕ ਜਲ ਸਪਲਾਈ ਸਕੀਮਾਂ ਰਾਹੀਂ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਜਾਂਦੀ | ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਵਾਟਰ ਟੈਸਟਿੰਗ ਟੀਮਾਂ ਨੂੰ ਕਿਸੇ ਵੀ ਮਹਾਂਮਾਰੀ ਦੇ ਫੈਲਾਅ ਤੋਂ ਬਚਣ ਲਈ ਸਾਰੇ ਪਿੰਡਾਂ 'ਚ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇ ਨਾਲ-ਨਾਲ ਸੁੱਕੇ ਰਾਸ਼ਨ ਦੀਆਂ ਕਿੱਟਾਂ, ਖੰਡ, ਚੌਲ, ਆਟਾ, ਘਿਉ, ਦੁੱਧ ਪਾਊਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਮੋਬਾਈਲ ਮੈਡੀਕਲ ਯੂਨਿਟ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ | ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਸਥਿਤੀ ਨਾਲ ਪੂਰੀ ਸਮਰੱਥਾ ਨਾਲ ਨਜਿੱਠੇਗੀ | ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਜਸਬੀਰ ਸਿੰਘ ਰਾਜਾ ਗਿੱਲ, ਕਰਮਵੀਰ ਸਿੰਘ ਘੁੰਮਣ, ਡੀ. ਆਈ. ਜੀ. ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਐਸ. ਐਸ. ਪੀ., ਸੰਦੀਪ ਕੁਮਾਰ ਮਲਿਕ ਐਸ. ਡੀ. ਐਮ., ਪਰਮਪ੍ਰੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਮਿਆਣੀ, ਸਰਪੰਚ ਚਰਨਜੀਤ ਸਿੰਘ ਸੰਧੂ ਰੜਾ, ਸਰਪੰਚ ਜਸਵੰਤ ਸਿੰਘ ਬਿੱਟੂ, ਸਰਪੰਚ ਵਰਿੰਦਰ ਸਿੰਘ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੇਠੀ ਤੇ ਹੋਰ ਵੀ ਮੌਜੂਦ ਸਨ |