ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਅੰਮਿ੍ਤਸਰ ਸਾਹਿਬ ਤੋਂ ਸ਼ੁਰੂ ਹੋਈ ਵਿਸ਼ਵ ਸ਼ਾਂਤੀ ਤੇ ਆਪਸੀ ਪ੍ਰੇਮ ਪਿਆਰ ਦਾ ਸੁਨੇਹਾ ਦਿੰਦੀ ਹੋਈ ਸਾਈਕਲਿੰਗ ਰੈਲੀ ਹੁਸ਼ਿਆਰਪੁਰ ਪਹੁੰਚੀ | ਸਾਈਕਲਿੰਗ ਰੈਲੀ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਮੁਹੰਮਦ ਨਸਰ ਨੇ ਦੱਸਿਆ ਕਿ ਹਿਉਮੈਨਿਟੀ ਫ਼ਸਟ ਸੰਸਥਾ ਜੋ ਕਿ ਆਪਣੀ 30ਵੀਂ ਵਰੇ੍ਹਗੰਢ 65 ਮੁਲਕਾਂ 'ਚ ਦੌੜ, ਸੈਰ ਤੇ ਸਾਈਕਲਿੰਗ ਕਰਕੇ ਮਨਾ ਰਹੀ ਹੈ, ਉਸੇ ਤਹਿਤ ਇਹ ਸਾਈਕਲ ਰੈਲੀ ਕੱਢੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਰੈਲੀ ਕਾਦੀਆਂ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਤੇ ਰਾਤ ਵਿਸ਼ਰਾਮ ਕਰਨ ਉਪਰੰਤ ਸਵੇਰੇ ਫਗਵਾੜੇ ਨੂੰ ਰਵਾਨਾ ਹੋਈ | ਰੈਲੀ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਸਟੇਟ ਐਵਾਰਡੀ ਤੇ ਸਵੱਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਨੇ ਸਵਾਗਤ ਕੀਤਾ ਤੇ ਉਨ੍ਹਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਸ਼ੁੱਭਕਾਮਨਾਵਾਂ ਦਿੰਦਿਆਂ ਫਗਵਾੜੇ ਤੱਕ ਉਨ੍ਹਾਂ ਨਾਲ 100 ਕਿੱਲੋਮੀਟਰ ਸਾਈਕਲਿੰਗ ਵੀ ਕੀਤੀ | ਚੌਹਾਨ ਨੇ ਦੱਸਿਆ ਕਿ ਇਸ ਰੈਲੀ 'ਚ ਡਾਕਟਰ, ਇੰਜੀਨੀਅਰ ਤੇ ਨੌਜਵਾਨ ਸ਼ਾਮਿਲ ਸਨ | ਫਗਵਾੜਾ ਪਹੁੰਚਣ ਤੇ ਡਾਕਟਰ ਗੁਰਪ੍ਰੀਤ ਸਿੰਘ ਨੇ ਫਗਵਾੜਾ ਸਾਈਕਲਿੰਗ ਗਰੁੱਪ ਵਲੋਂ ਸਵਾਗਤ ਕੀਤਾ, ਉਪਰੰਤ ਰੈਲੀ ਲੁਧਿਆਣਾ ਨੂੰ ਰਵਾਨਾ ਹੋਈ ਜੋ ਕਿ ਜ਼ੀਰਕਪੁਰ ਵਿਖੇ ਜਾ ਕੇ ਸਮਾਪਤ ਹੋਵੇਗੀ |