ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)-ਪਿੰਡ ਮੰਡਿਆਲਾ ਵਿਖੇ ਵਾਪਰੀ ਟੈਂਕਰ ਦੁਰਘਟਨਾ ਨੂੰ ਇਕ ਮਹੀਨਾ ਹੋ ਗਿਆ ਹੈ ਪਰ ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲੇ ਹਨ | ਹਾਦਸੇ 'ਚ ਹੋਏ ਜਾਨੀ ਨੁਕਸਾਨ ਦਾ ਮੁਆਵਜ਼ਾ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਨੁਕਸਾਨ ਲਈ ਕੌਣ-ਕੌਣ ਜ਼ਿੰਮੇਵਾਰ ਸੀ, ਇਸ ਦੀ ਜਾਂਚ ਮੁਕੰਮਲ ਨਹੀਂ ਹੋਈ | 22 ਅਗਸਤ ਦੀ ਰਾਤ ਨੂੰ ਜਲੰਧਰ ਸੜਕ 'ਤੇ ਪੈਂਦੇ ਪਿੰਡ ਦੇ ਐਨ ਵਿਚਕਾਰ ਐਲ. ਪੀ. ਜੀ. ਦੇ ਟੈਂਕਰ ਨੂੰ ਅੱਗ ਲੱਗਣ ਨਾਲ ਪਿੰਡ ਦੇ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 16 ਜ਼ਜ਼ਮੀ ਹੋ ਗਏ ਸਨ | ਕਈ ਘਰ ਤੇ ਦੁਕਾਨਾਂ ਅੱਗ ਦੀ ਭੇਟ ਚੜ੍ਹ ਗਏ ਸਨ | ਇਸ ਘਟਨਾ ਦੀ ਗੂੰਜ ਪੂਰੇ ਪੰਜਾਬ 'ਚ ਪਈ ਸੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਇਲਾਕਾ ਵਾਸੀ ਸੜਕਾਂ 'ਤੇ ਉਤਰ ਆਏ ਸਨ | ਸਰਕਾਰ ਨੇ ਤੁਰੰਤ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਉਣ ਦਾ ਵੀ ਭਰੋਸਾ ਦਿੱਤਾ ਪਰ ਹੁਣ ਤੱਕ ਇਸ ਮਾਮਲੇ 'ਚ ਕੇਵਲ ਉਹ ਚਾਰ ਵਿਅਕਤੀ ਹੀ ਗਿ੍ਫ਼ਤਾਰ ਹੋਏ ਹਨ ਜੋ ਕਥਿਤ ਤੌਰ 'ਤੇ ਟੈਂਕਰ ਵਿਚੋਂ ਗੈਸ ਚੋਰੀ ਕਰਕੇ ਸਿਲੰਡਰਾਂ 'ਚ ਭਰ ਲੈਂਦੇ ਸਨ ਤੇ ਫਿਰ ਮਹਿੰਗੇ ਭਾਅ ਮਾਰਕਿਟ 'ਚ ਵੇਚਦੇ ਸਨ | ਪੁਲਿਸ ਜਾਂਚ 'ਚ ਇਹ ਸਾਹਮਣੇ ਆਇਆ ਕਿ ਗੈਸ ਦਾ ਇਹ ਟੈਂਕਰ ਮੰਡਿਆਲਾ ਸਥਿਤ ਐਲ. ਪੀ. ਜੀ. ਬਾਟਲਿੰਗ ਪਲਾਂਟ ਤੋਂ ਨਹੀਂ ਬਲਕਿ ਬਠਿੰਡਾ ਤੋਂ ਭਰ ਕੇ ਆ ਰਿਹਾ ਸੀ | ਬਾਟਲਿੰਗ ਪਲਾਂਟ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਹਾਦਸੇ ਦਾ ਕਾਰਨ ਬਣੇ ਟੈਂਕਰ ਦੀ ਇਥੇ ਕੋਈ ਐਂਟਰੀ ਹੀ ਨਹੀਂ ਹੋਈ ਸੀ | ਟੈਂਕਰ 'ਚ 18 ਮੀਟਰਿਕ ਟਨ ਗੈਸ ਸੀ | ਜੇਕਰ ਟੈਂਕਰ ਖਾਲੀ ਕਰਨ ਤੋਂ ਬਾਅਦ ਬਚੀ ਖੁਚੀ ਗੈਸ ਕੀਤੀ ਜਾ ਰਹੀ ਹੁੰਦੀ ਤਾਂ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ | ਟੈਂਕਰ ਦਾ ਗੈਸ ਨਾਲ ਪੂਰਾ ਭਰਿਆ ਹੋਣ ਕਰਕੇ ਇੰਨੀ ਜਬਰਦਸਤ ਅੱਗ ਲੱਗੀ ਕਿ ਪੂਰੀਆਂ ਦੀਆਂ ਪੂਰੀਆਂ ਇਮਾਰਤਾਂ ਤਬਾਹ ਹੋ ਗਈਆਂ ਤੇ ਘਰਾਂ 'ਚ ਬੈਠੇ ਲੋਕ ਜ਼ਿੰਦਾ ਜਲ ਗਏ | ਘਟਨਾ ਦੇ ਕਾਰਨਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ ਨਿਆਂਇਕ ਜਾਂਚ ਸ਼ੁਰੂ ਕਰਵਾਈ ਗਈ ਸੀ ਪਰ ਅਜੇ ਤੱਕ ਇਸ 'ਚ ਜ਼ਿਆਦਾ ਪ੍ਰਗਤੀ ਨਹੀਂ ਹੋਈ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅਜਿਹੇ ਹਾਦਸਿਆਂ ਦੀ ਜਾਂਚ ਲਈ ਪੈਟਰੋਲੀਅਮ ਐਂਡ ਐਕਸਲੋਸਿਵ ਸੇਫ਼ਟੀ ਆਰਗੇਨਾਜੇਸ਼ਨ ਦੇ ਕੰਟਰੋਲਰ ਨੂੰ ਭਰੋਸੇ ਵਿਚ ਲੈਣਾ ਲਾਜ਼ਮੀ ਹੁੰਦਾ ਹੈ | ਜਾਂਚ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਨੂੰ ਪੱਤਰ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ | ਸਰਕਾਰ ਵਲੋਂ ਹਾਦਸੇ 'ਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤਾ ਹੈ ਪਰ ਇਮਾਰਤਾਂ ਦੇ ਹੋਏ ਨੁਕਸਾਨ ਦਾ ਲੇਖਾ ਜੋਖਾ ਅਜੇ ਕੀਤਾ ਜਾ ਰਿਹਾ ਹੈ | ਜਿਨ੍ਹਾਂ ਵਿਅਕਤੀਆਂ ਦੇ ਘਰ ਤੇ ਦੁਕਾਨਾਂ ਅੱਗ ਕਾਰਨ ਨਸ਼ਟ ਹੋ ਗਈਆਂ, ਉਨ੍ਹਾਂ ਨੇ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਲਿਆ ਹੈ ਪਰ ਹਾਦਸੇ ਦੀ ਦਹਿਸ਼ਤ ਅਜੇ ਵੀ ਉਨ੍ਹਾਂ ਦੇੇ ਮਨਾਂ 'ਚ ਬਰਕਰਾਰ ਹੈ |