ਹੁਸ਼ਿਆਰਪੁਰ, 27 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਵਲੋਂ ਜ਼ਿਲ੍ਹੇ 'ਚ ਆਏ ਹੜ੍ਹਾਂ ਦੌਰਾਨ ਮੋਹਰੀ ਬਣ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਵੱਖ-ਵੱਖ ਸੁਸਾਇਟੀਆਂ ਰੈੱਡ ਕਰਾਸ ਸੁਸਾਇਟੀ ਦਾ ਸਹਿਯੋਗ ਕਰ ਰਹੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਦੇਸ਼ਬੀਰ ਸ਼ਰਮਾ ਸੇਵਾਮੁਕਤ ਪਿ੍ੰਸੀਪਲ, ਕਾਰਜਕਾਰੀ ਮੈਂਬਰ, ਰੈੱਡ ਕਰਾਸ ਤੇ ਪ੍ਰਬੰਧਕ ਟਿਨੀ ਟੋਟਸ ਕਿੰਡਰ ਗਾਰਟਨ ਸਕੂਲ ਹੁਸ਼ਿਆਰਪੁਰ ਵਲੋਂ ਹੜ੍ਹਾਂ ਦੇ ਸੰਬੰਧ ਵਿਚ ਸਕੂਲ ਦੇ ਸਟਾਫ਼ ਨਾਲ ਮੀਟਿੰਗ ਕੀਤੀ, ਜਿਸ ਵਿਚ ਸਾਰੇ ਹੀ ਅਧਿਆਪਕਾਂ ਦੁਆਰਾ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਮੁਹੱਈਆ ਕਰਵਾਉਣ ਸੰਬੰਧੀ ਆਪਣੇ ਸਕੂਲੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ | ਇਸ ਤਹਿਤ ਬੱਚਿਆਂ ਤੇ ਅਧਿਆਪਕਾਂ ਵਲੋਂ 27,020 ਰੁਪਏ ਦੀ ਰਾਸ਼ੀ ਹੜ੍ਹ ਪੀੜਤਾਂ ਦੇ ਸਹਿਯੋਗ ਲਈ ਮੁਹੱਈਆ ਕਰਵਾਈ ਗਈ | ਇਸ ਮੌਕੇ ਜੁਆਇੰਟ ਸਕੱਤਰ, ਰੈੱਡ ਕਰਾਸ ਅਦਿੱਤਿਆ ਰਾਣਾ ਤੇ ਲੇਖਾਕਾਰ ਸਰਬਜੀਤ ਵੀ ਮੌਜੂਦ ਸਨ |