ਬੁੱਲ੍ਹੋਵਾਲ, 19 ਅਕਤੂਬਰ (ਲੁਗਾਣਾ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਰਹਿਨੁਮਾਈ ਤੇ ਪਿੰ੍ਰਸੀਪਲ ਮੈਡਮ ਹਰਕੀਰਤ ਕੌਰ ਦੀ ਸੁਚੱਜੀ ਅਗਵਾਈ 'ਚ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਨੰਦਾਚੌਰ ਵਿਖੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਬੰਦੀ ਛੋੜ ਦਿਵਸ ਤੇ ਗ੍ਰੀਨ ਦੀਵਾਲੀ ਮਨਾਈ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਪ੍ਰਦੂਸ਼ਣ ਰਹਿਤ ਤੇ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ | ਵਿਦਿਆਰਥੀਆਂ ਦਾ ਦੀਵਿਆਂ ਦੀ ਡੈਕੋਰੇਸ਼ਨ ਤੇ ਬਿਨਾਂ ਅੱਗ ਦੇ ਖਾਣਾ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਵਲੋਂ ਕਈ ਤਰ੍ਹਾਂ ਦੇ ਪਕਵਾਨ ਜਿਵੇਂ ਸੈਂਡਵਿਚ, ਫਲ ਸਲਾਦ, ਬਿਸਕੁਟ ਡੈਕੋਰੇਸ਼ਨ ਤੇ ਠੰਢੀ ਚਾਟ ਆਦਿ ਬਣਾ ਕੇ ਪੇਸ਼ ਕੀਤੇ ਗਏ | ਇਸ ਦੌਰਾਨ ਸਕੂਲ ਪਿ੍ੰ. ਮੈਡਮ ਹਰਕੀਰਤ ਕੌਰ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਬੰਦੀ ਛੋੜ ਦਿਵਸ ਦੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਪਟਾਕਿਆਂ ਦੀ ਬਜਾਏ ਦੀਵੇ ਤੇ ਲਾਈਟਾਂ ਨਾਲ ਖ਼ੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ | ਵਿਦਿਆਰਥੀਆਂ ਵਲੋਂ ਸਲੋਗਨ ਲਿਖ ਕੇ 'ਗਰੀਨ ਦੀਵਾਲੀ-ਕਲੀਨ ਦੀਵਾਲੀ' ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਅਵਤਾਰ ਸਿੰਘ ਕਪੂਰ, ਉਜਾਗਰ ਸਿੰਘ, ਹਿੰਮਤ ਸਿੰਘ ਵੱਲੋਂ ਸਮੂਹ ਸਟਾਫ਼, ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਭੇਜੀਆਂ ਗਈਆਂ |