ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲੇ੍ਹ ਦੇ ਸਾਰੇ ਕਮਿਊਨਿਟੀ ਹੈਲਥ ਅਫ਼ਸਰਾਂ ਲਈ ਡਾਇਗਨੋਸਟਿਕ ਕਿੱਟ, ਜੱਚਾ-ਬੱਚਾ ਸਿਹਤ ਤੇ ਅਸੰਕ੍ਰਾਮਕ ਬਿਮਾਰੀਆਂ ਸਟਰੈਂਥਨਿੰਗ ਸੰਬੰਧੀ ਤਿੰਨ ਦਿਨਾਂ ਦੀ ਟ੍ਰੇਨਿੰਗ ਕਰਵਾਈ ਗਈ | ਟਰੇਨਿੰਗ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ 'ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਵਧਾਉਣਾ ਤੇ ਆਯੁਸ਼ਮਾਨ ਆਰੋਗਿਆ ਕੇਂਦਰਾਂ 'ਚ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਸੀ | ਇਸ ਸੰਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਕੜੀ 'ਚ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਡਾਇਗਨੋਸਟਿਕ ਕਿੱਟ ਦੀ ਵਰਤੋਂ, ਜੱਚਾ-ਬੱਚਾ ਸਿਹਤ ਕੰਪਿ੍ਹੈਂਸਿਵ ਕੇਅਰ ਪੈਕੇਜ ਅਤੇ ਐਨਸੀਡੀ ਸਟਰੈਂਥਨਿੰਗ ਬਾਰੇ ਵਿਸਤਾਰ ਨਾਲ ਟ੍ਰੇਨਿੰਗ ਦਿੱਤੀ ਗਈ | ਇਸ ਮੌਕੇ ਡਾ. ਵਿਸ਼ਾਲੀ ਸ਼ਰਮਾ, ਪੈਥਾਲੋਜਿਸਟ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਸੈਂਪਲ ਇਕੱਠਾ ਕਰਨ ਦੀ ਸਹੀ ਤਕਨੀਕ, ਟੈੱਸਟ ਕਰਨ ਦੀ ਪ੍ਰਕਿਰਿਆ ਤੇ ਨਤੀਜਿਆਂ ਦੀ ਸਹੀ ਵਿਆਖਿਆ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ | ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਆਸਿਫ਼ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਤਿੰਨ ਦਿਨਾਂ ਤੱਕ ਵੱਖ-ਵੱਖ ਬੈਚਾਂ 'ਚ ਕੀਤੀ ਗਈ, ਤਾਂ ਜੋ ਸਾਰੇ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਪੂਰਾ ਸਮਾਂ ਤੇ ਅਮਲੀ ਤਜਰਬਾ ਪ੍ਰਾਪਤ ਹੋ ਸਕੇ | ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨਾਲ ਨਾ ਸਿਰਫ਼ ਮਰੀਜ਼ਾਂ ਦੇ ਇਲਾਜ 'ਚ ਤੇਜ਼ੀ ਆਏਗੀ, ਸਗੋਂ ਸਿਹਤ ਸੇਵਾਵਾਂ ਹੋਰ ਵਿਗਿਆਨਕ ਅਤੇ ਨਤੀਜਾ-ਕੇਂਦਰਿਤ ਬਣਨਗੀਆਂ |