ਟਾਂਡਾ ਉੜਮੁੜ, 25 ਦਸੰਬਰ (ਭਗਵਾਨ ਸਿੰਘ ਸੈਣੀ)- ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਟਾਂਡਾ ਦੇ ਪੰਜਾਬੀ ਵਿੰਗ ਵਿਚ ਨਰਸਰੀ ਤੋਂ ਤੀਜੀ ਕਲਾਸ ਤੱਕ ਦੇ ਲਗਭਗ 64 ਵਿਦਿਆਰਥੀਆਂ ਲਈ ਬੂਟਾਂ ਦੀ ਵੰਡ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਹ ਪ੍ਰੋਗਰਾਮ ਬਲਰਾਜ ਮਹਿੰਦਰੂ ਦੀ ਮਾਤਾ ਪ੍ਰਭਾ ਰਾਣੀ ਮਹਿੰਦਰੂ ਵੱਲੋਂ ਸਵਰਗਵਾਸੀ ਦੌਲਤ ਰਾਮ ਮਹਿੰਦਰੂ ਦੀ ਪਵਿੱਤਰ ਯਾਦ ਵਿਚ ਕੀਤਾ ਗਿਆ, ਜੋ ਡੀ.ਏ.ਵੀ. ਮੈਨੇਜਿੰਗ ਕਮੇਟੀ ਉੜਮੁੜ ਟਾਂਡਾ ਦੇ ਪ੍ਰਧਾਨ ਸੁਰੇਸ਼ ਕੁਮਾਰ ਜੈਨ ਅਤੇ ਉਪ-ਪ੍ਰਧਾਨ ਅਸ਼ੋਕ ਬਹਿਲ ਦੇ ਕਰ ਕਮਲਾਂ ਦੁਆਰਾ ਵਿਦਿਆਰਥੀਆਂ ਨੂੰ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਸੁਰੇਸ਼ ਕੁਮਾਰ ਜੈਨ ਅਤੇ ਉਪ-ਪ੍ਰਧਾਨ ਅਸ਼ੋਕ ਬਹਿਲ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਧਿਐਨ ਵਿਚ ਮਿਹਨਤ ਤੇ ਅਨੁਸ਼ਾਸਨ ਦੇ ਮਹੱਤਵ ਬਾਰੇ ਮਾਰਗ ਦਰਸ਼ਨ ਦਿੱਤਾ | ਸਕੂਲ ਦਾ ਮਾਹੌਲ ਸੇਵਾ, ਸੰਵੇਦਨਾ ਅਤੇ ਸਮਾਜਿਕ ਭਾਵਨਾ ਨਾਲ ਭਰਪੂਰ ਰਿਹਾ | ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਅਤੇ ਉਤਸ਼ਾਹ ਸਪਸ਼ਟ ਦਿਖਾਈ ਦਿੱਤਾ | ਸਕੂਲ ਦੇ ਪਿ੍ੰਸੀਪਲ ਕੰਵਲਜੀਤ ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਮਨੁੱਖੀ ਅਤੇ ਸਮਾਜਿਕ ਉਪਰਾਲੇ ਬੱਚਿਆਂ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਲਿਆਉਂਦੇ ਹਨ | ਉਨ੍ਹਾਂ ਦਾਨੀ ਪਰਿਵਾਰ ਅਤੇ ਡੀ.ਏ.ਵੀ. ਮੈਨੇਜਿੰਗ ਕਮੇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ |