ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਆਂ ਨੂੰ ਪੰਜਾਬ ਸਰਕਾਰ ਦੀਆਂ 3 ਖ਼ਰੀਦ ਏਜੰਸੀਆਂ ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਵਲੋਂ ਸਾਲ 2023-24 ਦੇ ਝੋਨੇ ਦਾ 50 ਪੈਸੇ ਪ੍ਰਤੀ ਕੁਇੰਟਲ ਕਮਿਸ਼ਨ ਨਾ ਦਿੱਤੇ ਜਾਣ 'ਤੇ ਆੜ੍ਹਤੀਆਂ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਦੱਸਿਆ ਕਿ ਬੇਸ਼ੱਕ ਪਨਗਰੇਨ ਵਲੋਂ 29 ਮਈ ਨੂੰ 50 ਪੈਸੇ ਪ੍ਰਤੀ ਕੁਇੰਟਲ ਕਮਿਸ਼ਨ ਆੜ੍ਹਤੀਆਂ ਦੇ ਖਾਤਿਆਂ ਵਿਚ ਪਾ ਦਿੱਤਾ ਗਿਆ ਹੈ, ਜਦਕਿ 3 ਖ਼ਰੀਦ ਏਜੰਸੀਆਂ ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਦੇ ਅਧਿਕਾਰੀਆਂ ਵਲੋਂ ਬਕਾਇਆ ਰਹਿੰਦਾ ਕਮਿਸ਼ਨ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ | ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੂੰ ਅਪੀਲ ਕੀਤੀ ਕਿ ਉਕਤ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਦਾਣਾ ਮੰਡੀ ਰਾਏਕੋਟ ਨਾਲ ਸਬੰਧਿਤ ਆੜ੍ਹਤੀਆਂ ਨੂੰ 50 ਪੈਸੇ ਪ੍ਰਤੀ ਕੁਇੰਟਲ ਰਹਿੰਦਾ ਕਮਿਸ਼ਨ ਦਿਵਾਇਆ ਜਾਵੇ | ਜੇਕਰ ਆਉਣ ਵਾਲੇ ਦਿਨਾਂ ਵਿਚ ਕਮਿਸ਼ਨ ਨਾ ਦਿੱਤਾ ਗਿਆ ਤਾਂ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਇਸ ਮਾਮਲੇ ਨੂੰ ਸੂਬਾ ਸਰਕਾਰ ਕੋਲ ਉਠਾਏਗੀ |