ਸਿੱਧਵਾਂ ਬੇਟ, 1 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਹੋਰ ਵਧਣ ਉਪਰੰਤ ਜਿੱਥੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਦਰਿਆ ਸਤਲੁਜ ਦੇ ਬੰਨ੍ਹ ਅੰਦਰਲੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬ ਗਈ ਹੈ, ਉੱਥੇ ਦਰਿਆ ਦੇ ਕੰਢੇ 'ਤੇ ਵਸੇ ਲੋਕਾਂ 'ਚ ਵੀ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਪੱਤਰਕਾਰਾਂ ਦੀ ਟੀਮ ਵਲੋਂ ਅੱਜ ਜਦੋਂ ਦਰਿਆ ਸਤਲੁਜ ਦੇ ਧੁੱਸੀ ਬੰਨ੍ਹਾਂ ਦਾ ਦੌਰਾ ਕੀਤਾ ਗਿਆ ਤਾਂ ਦਰਿਆ ਸਤਲੁਜ ਲਾਗਲੇ ਪਿੰਡ ਖੁਰਸ਼ੈਦਪੁਰਾ, ਮੱਧੇਪੁਰਾ, ਪਰਜੀਆਂ ਕਲਾਂ, ਪਰਜੀਆਂ ਬਿਹਾਰੀਪੁਰ, ਕੰਨੀਆਂ ਹੁਸੈਨੀ, ਕੰਨੀਆਂ ਖੁਰਦ, ਬਾਘੀਆਂ, ਬਾਘੀਆਂ ਖੁਰਦ, ਸੇਰੇਵਾਲ, ਬਹਾਦਰਕੇ, ਗੋਰਸੀਆਂ ਖਾਨ ਮਹੁੰੰਮਦ, ਕੋਟਉਮਰਾ, ਅੱਕੂਵਾਲ ਆਦਿ ਪਿੰਡਾਂ ਦੇ ਕਿਸਾਨਾਂ ਦੀ ਬੰਨ੍ਹ ਅੰਦਰਲੀ ਫ਼ਸਲ ਵਿਚ ਪਾਣੀ ਭਰ ਰਿਹਾ ਸੀ | ਕਈ ਕਿਸਾਨਾਂ ਵਲੋਂ ਦਰਿਆ ਅੰਦਰ ਬੀਜੇ ਪਾਪੂਲਰਾਂ ਦੀ ਜਲਦੀ ਕਟਾਈ ਕੀਤੀ ਜਾ ਰਹੀ ਸੀ ਤਾਂ ਜੋ ਉਹ ਕਿਤੇ ਪਾਣੀ ਦੀ ਮਾਰ ਵਿਚ ਨਾ ਆ ਜਾਣ | ਦੂਜੇ ਪਾਸੇ ਦਰਿਆ ਸਤਲੁਜ 'ਚ ਹੋਰ ਪਾਣੀ ਛੱਡੇ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ: ਅੰਕੁਰ ਗੁਪਤਾ ਨੇ ਦਰਿਆ ਦੇ ਸਭ ਤੋਂ ਵੱਧ ਖਤਰਨਾਕ ਅਤੇ ਜ਼ਿਲ੍ਹਾ ਜਲੰਧਰ ਵਾਲੇ ਪਾਸੇ ਪੈਂਦੇ ਪਿੰਡ ਕੰਨੀਆਂ ਖੁਰਦ ਨਜ਼ਦੀਕ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਲੋਕਾਂ ਤੋਂ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ | ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਪਿੰਡ ਦੀ ਮਹਿਲਾ ਸਰਪੰਚ ਸੰਦੀਪ ਕੌਰ ਦੇ ਪਤੀ ਡਾ: ਗੁਰਚਰਨ ਸਿੰਘ ਨੇ ਦੱਸਿਆ ਕਿ ਜੇਕਰ ਰੱਬ ਨਾ ਕਰੇ ਇਸ ਜਗ੍ਹਾ ਤੋਂ ਬੰਨ੍ਹ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਸਮੇਤ ਜ਼ਿਲ੍ਹਾ ਜਲੰਧਰ ਦੇ ਦਰਜਨਾਂ ਪਿੰਡਾਂ ਦਾ ਨੁਕਸਾਨ ਕਰ ਸਕਦਾ ਹੈ | ਇਸ ਲਈ ਇਸ ਬੰਨ੍ਹ ਦੇ ਅੰਦਰ ਤੁਰੰਤ ਪੱਥਰਾਂ ਦਾ ਜਾਲ ਵਿਛਾਇਆ ਜਾਵੇ ਅਤੇ ਸਾਨੂੰ ਦਰੱਖਤ ਵੱਢ ਕੇ ਇਸ ਜਗ੍ਹਾ 'ਤੇ ਸੁੱਟਣ ਦੀ ਇਜਾਜ਼ਤ ਦਿੱਤੀ ਜਾਵੇ |