ਜਗਰਾਉਂ, 23 ਸਤੰਬਰ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਵਲੋਂ ਹੈਰੋਇਨ ਤਸਕਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟਾਫ਼ ਦੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਜਗਰਾਉਂ ਸ਼ਹਿਰ ਦੇ ਲੰਡੇ ਫਾਟਕਾਂ ਕੋਲ ਸਾਥੀ ਕਰਮਚਾਰੀਆਂ ਸਮੇਤ ਮੌਜੂਦ ਸੀ | ਇਸ ਮੌਕੇ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੋਹਣ ਲਾਲ ਉਰਫ਼ ਮੋਹਣੀ ਪੁੱਤਰ ਰੂਪ ਲਾਲ ਵਾਸੀ ਗਾਂਧੀ ਨਗਰ ਮੁਹੱਲਾ ਜਗਰਾਉਂ ਜੋ ਕਿ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ, ਉਹ ਇਸ ਮੌਕੇ ਖੰਡ ਮਿੱਲ ਕਾਲੋਨੀ ਵਿਚ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਜਿਸ 'ਤੇ ਤੁਰੰਤ ਛਾਪਾ ਮਾਰ ਕੇ ਉਸਨੂੰ ਕਾਬੂ ਕਰ ਲਿਆ, ਜਿਸ ਕੋਲੋਂ 20 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ | ਉਕਤ ਕਾਬੂ ਕੀਤੇ ਦੋਸ਼ੀ ਖ਼ਿਲਾਫ਼ ਪੁਲਿਸ ਥਾਣਾ ਸਿਟੀ ਜਗਰਾਉਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ |