ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ 'ਤੇ ਵਿਸ਼ਵ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਉਦਘਾਟਨ ਸਟੇਟ ਐਵਾਰਡੀ ਲੇਖਕ ਅਮਰੀਕ ਸਿੰਘ ਤਲਵੰਡੀ ਵਲੋਂ ਕੀਤਾ ਗਿਆ, ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜ਼ਰ ਹਰਪ੍ਰੀਤ ਕੌਰ ਵਿਰਕ, ਕੋਆਰਡੀਨੇਟਰ ਮਨਜੀਤ ਕੌਰ, ਹੋਰ ਮੌਜੂਦ ਰਹੇ | ਇਸ ਮੌਕੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ, ਇੰਟਰਨੈੱਟ ਦੇ ਪੰਜਾਬੀ ਭਾਸ਼ਾ ਉੱਪਰ ਪ੍ਰਭਾਵ, ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਦਾ ਘਟ ਰਿਹਾ ਪ੍ਰਚਲਨ ਸਬੰਧੀ ਪਰਚਾ ਪੜ੍ਹਨ ਅਤੇ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਸਕੂਲ ਅਧਿਆਪਕਾ ਗੁਰਪ੍ਰੀਤ ਕੌਰ, ਤਰਨਜੀਤ ਕੌਰ, ਪਵਨਦੀਪ ਕੌਰ, ਸਰਬਜੀਤ ਕੌਰ, ਪਰਵੀਨ ਰਾਣੀ ਵਲੋਂ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ, ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਬਾਰੇ ਵਿਚਾਰ ਪੇਸ਼ ਕੀਤੇ ਗਏ | ਵਿਦਿਆਰਥੀ, ਅਧਿਆਪਕਾਂ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਅਜਿਹੇ ਸਮਾਗਮ ਪੰਜਾਬ ਲਈ ਬੇਹੱਦ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਿਉਣ ਵਾਲੇ ਲੋਕਾਂ ਦੀ ਧਰਤੀ ਕਿਹਾ ਗਿਆ, ਇਹ ਪੰਜਾਬੀ ਭਾਸ਼ਾ ਕਰਕੇ ਹੀ ਹੈ | ਅਮਰੀਕ ਸਿੰਘ ਤਲਵੰਡੀ ਵਲੋਂ ਹਰ ਵਰਗ ਲਈ ਆਪਣੇ ਦੁਆਰਾ ਲਿਖਤ ਪੰਜਾਬੀ ਦੀਆਂ ਕਿਤਾਬਾਂ ਬਾਰੇ ਵਰਣਨ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਹਰਮੀਤ ਕੌਰ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਲੇਖਕ ਅਮਰੀਕ ਸਿੰਘ ਤਲਵੰਡੀ ਦਾ ਸਨਮਾਨ ਕੀਤਾ ਗਿਆ |