ਮੁੱਲਾਂਪੁਰ-ਦਾਖਾ, 27 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਰਜਿ: ਮੰਡੀ ਮੁੱਲਾਂਪੁਰ (ਲੁਧਿ:) ਵਲੋਂ ਸ਼ਹਿਰ ਅੰਦਰ 4 ਜੀ ਸਿਨੇਮਾ ਨੇੜੇ ਦੁਸਹਿਰਾ ਸਮਾਰੋਹ ਦੀ ਭਾਈਚਾਰਕ ਸਾਂਝ ਵਧਾਉਣ ਲਈ ਸੱਦੇ ਪੱਤਰ ਦੇਣਾ ਸ਼ੁਰੂ ਕਰ ਦਿੱਤਾ | ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਸੀਨੀਅਰ ਕਪਤਾਨ ਡਾ: ਅੰਕੁਰ ਗੁਪਤਾ ਨੂੰ ਦੁਸਹਿਰਾ ਕਮੇਟੀ ਪ੍ਰਧਾਨ ਜੈ ਕਿਸ਼ਨ ਭੂਸ਼ਣ, ਚੇਅਰਮੈਨ ਬਲਵਿੰਦਰ ਸਿੰਘ ਬੱਸਣ, ਸਰਪ੍ਰਸਤ ਨਵਲ ਕਿਸ਼ੋਰ ਸ਼ਰਮਾ, ਜਨ: ਸਕੱਤਰ/ਕੌਂਸਲਰ ਬਲਬੀਰ ਚੰਦ ਬੀਰਾ, ਸਰਪ੍ਰਸਤ ਰਾਜੂ ਕਾਂਸਲ ਵਲੋਂ ਸੱਦਾ ਪੱਤਰ ਦਿੰਦਿਆਂ ਵਿਸ਼ੇਸ਼ ਸ਼ਮੂਲੀਅਤ ਲਈ ਐੱਸ.ਐੱਸ.ਪੀ ਨੂੰ ਅਪੀਲ ਕੀਤੀ | ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਕੌਂਸਲਰ ਬਲਵਿੰਦਰ ਸਿੰਘ ਬੱਸਣ ਵਲੋਂ ਦੁਸਹਿਰਾ ਮੌਕੇ ਹੋਣ ਵਾਲੇ ਵੱਡੇ ਇਕੱਠ ਦੇ ਮੱਦੇਨਜ਼ਰ ਮੰਡੀ ਮੁੱਲਾਂਪੁਰ ਦਾਖਾ 'ਚ ਪੁਲਿਸ ਨਫਰੀ ਵਧਾਉਣ ਦੀ ਮੰਗ ਰੱਖੀ ਗਈ | ਦੁਸਹਿਰਾ ਕਮੇਟੀ ਵਲੋਂ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਮੇਜਰ ਸਿੰਘ ਦੇਤਵਾਲ, ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਸਮੇਤ ਸ਼ਹਿਰ ਅੰਦਰ ਬਹੁਤਾਦ ਆੜ੍ਹਤੀ, ਸ਼ੈੱਲਰ ਉਦਯੋਗ ਮਾਲਕ, ਹੋਰ ਵਪਾਰੀ ਵਰਗ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ | ਦੁਸਹਿਰਾ ਕਮੇਟੀ ਪ੍ਰਧਾਨ ਜੈ ਕਿਸ਼ਨ ਭੂਸ਼ਣ ਅਨੁਸਾਰ ਗੁਰਮਤਿ ਭਵਨ ਨੇੜੇ ਸਿਨੇਮਾ 4 ਜੀ ਦੀ ਬੈਕ ਸਾਈਡ ਦੁਸਹਿਰਾ ਗਰਾਊਾਡ 'ਚ ਸ਼ਰਧਾ ਨਾਲ ਆਉਣ ਵਾਲੇ ਲੋਕਾਂ ਲਈ ਪੁਖਤਾ ਪ੍ਰਬੰਧ ਹੈ | ਜੈਨ ਭਵਨ ਅੰਦਰ ਸ਼ਾਮ ਸਮੇਂ ਭਗਵਾਨ ਸ੍ਰੀ ਰਾਮ ਕਥਾ ਦਾ ਗੁਣਗਾਨ ਸ੍ਰੀ ਪੁਨੀਤ ਭਗਤ ਮਾਲੀ ਵਲੋਂ ਨਿਰੰਤਰ ਜਾਰੀ ਹੈ | ਅਕਤੂਬਰ 2 ਦੁਸਹਿਰਾ ਦੇ ਦਿਨ ਸਥਾਨਕ ਸ਼ਿਵ ਮੰਦਰ ਤੋਂ ਨਿਕਲਣ ਵਾਲੀਆਂ ਝਾਕੀਆਂ ਆਕਰਸ਼ਕ ਹੋਣਗੀਆਂ |