ਜਗਰਾਉਂ, 27 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-69 ਵੀਂਆਂ ਪੰਜਾਬ ਸਕੂਲਜ਼ ਗੇਮਾਂ 'ਚ ਅੰਡਰ-14 ਹਾਕੀ ਰਾਹੀਂ ਲੁਧਿਆਣਾ ਜ਼ਿਲ੍ਹੇ ਵਲੋਂ ਖੇਡਕੇ ਸੂਬੇ ਭਰ ਵਿਚੋਂ ਦੂਜਾ ਸਥਾਨ ਹਾਸਲ ਕਰਨ ਵਾਲੀ ਪਿੰਡ ਅਖਾੜਾ ਦੇ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਹੁਣ ਨੈਸ਼ਨਲ ਸਕੂਲਜ਼ ਗੇਮਾਂ 'ਚ ਪੰਜਾਬ ਦੀ ਨੁਮਾਇੰਦਗੀ ਕਰੇਗੀ | ਦੱਸਣਯੋਗ ਹੈ ਕਿ ਮਨਪ੍ਰੀਤ ਕੌਰ ਨੇ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੇ ਪਿ੍ੰਸੀਪਲ ਸਰਵਦੀਪ ਕੌਰ ਖਟਕੜ ਅਤੇ ਕੋਚ ਕੁਲਵਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਲੁਧਿਆਣਾ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦਿਆਂ ਅੰਡਰ-14 ਹਾਕੀ 'ਚ ਸੂਬੇ ਭਰ 'ਚੋਂ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ | ਹੁਣ ਮਨਪ੍ਰੀਤ ਕੌਰ ਨੇ ਨੈਸ਼ਨਲ ਪੱਧਰ ਦੇ ਪ੍ਰਦਰਸ਼ਨ ਲਈ ਟਰਾਇਲ ਪਾਸ ਕੀਤਾ ਹੈ ਤੇ ਉਹ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ | ਮਨਪ੍ਰੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਨਾਜ਼ ਕਰਦਿਆਂ ਸਕੂਲ ਦੇ ਪਿ੍ੰਸੀਪਲ ਸਰਵਦੀਪ ਕੌਰ ਨੇ ਹੋਣਹਾਰ ਖਿਡਾਰਨ ਦੇ ਮਾਪਿਆਂ ਅਤੇ ਕੋਚ ਕੁਲਵਿੰਦਰ ਸਿੰਘ ਨੂੰ ਵਧਾਈ ਭੇਟ ਕੀਤੀ ਹੈ | ਮਨਪ੍ਰੀਤ ਕੌਰ ਦਾ ਪਿਤਾ ਚੰਦ ਸਿੰਘ ਇਕ ਦਿਹਾੜੀਦਾਰ ਕਾਮਾ ਹੈ ਤੇ ਚੰਦ ਸਿੰਘ ਨੂੰ ਆਪਣੀ ਹੋਣਹਾਰ ਧੀ 'ਤੇ ਅੰਤਾਂ ਦਾ ਮਾਣ ਹੈ | ਮਨਪ੍ਰੀਤ ਦੀ ਮਾਂ ਨੇ ਧੀ ਦੀ ਪ੍ਰਾਪਤੀ 'ਤੇ ਭਾਵਨਤਮਿਕ ਖੁਸ਼ੀ ਦਾ ਇਜ਼ਹਾਰ ਕੀਤਾ | ਕੋਚ ਕੁਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਬੇਹੱਦ ਮਿਹਨਤੀ ਖਿਡਾਰਨ ਹੈ, ਜਿਸਦੀਆਂ ਪ੍ਰਾਪਤੀਆਂ 'ਚੋਂ ਚੰਗੀ ਹੋਣਹਾਰ ਖਿਡਾਰਨ ਦੀ ਤਸਵੀਰ ਦਿਖਾਈ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਆਪਣੇ ਅੰਦਰਲੇ ਖਿਡਾਰੀ ਨੂੰ ਪ੍ਰਪੱਕ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ | ਕੋਚ ਕੁਲਵਿੰਦਰ ਸਿੰਘ ਅਨੁਸਾਰ ਮਨਪ੍ਰੀਤ ਕੌਰ ਅਗਲੇ ਵਰ੍ਹੇ ਦੇ ਪਹਿਲੇ ਮਹੀਨੇ ਗਵਾਲੀਅਰ ਵਿਚ ਹੋਣ ਵਾਲੀਆਂ ਨੈਸ਼ਨਲ ਸਕੂਲਜ ਗੇਮਾਂ ਵਿਚ ਜਿੱਤ ਦੇ ਝੰਡੇ ਗੱਡਣ ਲਈ ਬਠਿੰਡਾ ਵਿਖੇ ਸੁਲਝੇ ਕੋਚਾਂ ਦੀ ਅਗਵਾਈ ਹੇਠ ਅਭਿਆਸ ਕਰ ਰਹੀ ਹੈ | ਇਸ ਮੌਕੇ ਡਾ: ਇਕਬਾਲ ਸਿੰਘ, ਬਲਜਿੰਦਰ ਸਿੰਘ, ਰਾਜੀਵ ਕੁਮਾਰ ਸ਼ਰਮਾ, ਕਾਲੂ ਸਿੰਘ ਆਦਿ ਵੀ ਹਾਜ਼ਰ ਸਨ |