ਨਵਾਂਸ਼ਹਿਰ, 31 ਮਈ (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਅਤੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੋਨੀਆ ਦੀ ਰਹਿਨੁਮਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਤੰਬਾਕੂ ਦੇ ਵਾਤਾਵਰਣ ਅਤੇ ਸਰੀਰ 'ਤੇ ਪੈਂਦੇ ਦੁਰਪ੍ਰਭਾਵ ਤੇ ਕੋਟਪਾ ਐਕਟ-2003 ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਤੰਬਾਕੂ ਵਿੱਚ ਚਾਰ ਹਜ਼ਾਰ ਤੋਂ ਵੱਧ ਜ਼ਹਿਰੀਲੇ ਤੱਤ ਹੁੰਦੇ ਹਨ | ਜਿਨ੍ਹਾਂ ਵਿਚੋਂ ਮੌਜੂਦ ਨਿਕੋਟੀਨ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹੁੰਦਾ ਹੈ | ਉਨ੍ਹਾਂ ਆਮ ਲੋਕਾਂ ਨੂੰ ਕੋਟਪਾ ਐਕਟ ਅਤੇ ਸਰੀਰ 'ਤੇ ਤੰਬਾਕੂ ਦੇ ਪੈਂਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਅਤੇ ਵਿੱਦਿਅਕ ਅਦਾਰਿਆਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਸੇਵਨ 'ਤੇ ਕਾਨੂੰਨੀ ਮਨਾਹੀ ਹੈ | ਇਸ ਮੌਕੇ ਡਾ. ਮੋਨਿਕਾ ਨੇ ਦੱਸਿਆ ਕਿ ਭਾਰਤ ਵਿੱਚ ਅਜੇ ਵੀ ਤਕਰੀਬਨ 35 ਫੀਸਦੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ | ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ | ਇਸ ਮੌਕੇ ਬਲਾਕ ਐਜੂਕੇਟਰ ਮਨਿੰਦਰ ਸਿੰਘ ਅਤੇ ਦੂਸਰੇ ਬੁਲਾਰਿਆਂ ਨੇ ਇਸ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਲਈ ਪ੍ਰਣ ਵੀ ਲਿਆ ਗਿਆ |