ਬਹਿਰਾਮ, 31 ਮਈ (ਨਛੱਤਰ ਸਿੰਘ ਬਹਿਰਾਮ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਲੋਕ ਭਲਾਈ ਦੇ ਕੰਮ ਕਰਨ ਦੀ ਬਜਾਏ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੀ ਹੈ | ਇਹ ਸ਼ਬਦ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਪਿੰਡ ਬੁਰਜ ਕੰਧਾਰੀ ਵਿਖੇ ਆਖੇ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਰਕਾਰੀ ਕਾਲਜ ਲੁਧਿਆਣਾ ਦੇ ਵਾਈਸ ਪਿ੍ੰਸੀਪਲ ਹੁਸਨ ਲਾਲ ਬਸਰਾ ਦੀ ਮਾਤਾ ਬੀਬੀ ਗਿਆਨ ਕੌਰ ਵਿਛੋੜਾ ਦੇ ਗਏ ਸਨ | ਇਸ ਸੰਬੰਧ 'ਚ ਸ. ਕਰੀਮਪੁਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ | ਸ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ ਕਿ ਸਰਕਾਰ ਵੱਡੇ ਸ਼ਹਿਰਾਂ ਜਲੰਧਰ, ਬਠਿੰਡਾ, ਲੁਧਿਆਣਾ ਆਦਿ 'ਚ 25 ਤੋਂ 35 ਹਜ਼ਾਰ ਏਕੜ ਜ਼ਮੀਨ ਖੋਹ ਕੇ ਅਰਬਨ ਅਸਟੇਟ ਉਸਾਰਨ ਜਾ ਰਹੀ ਹੈ | ਉਨ੍ਹਾਂ ਇਸ ਨੀਤੀ ਦੀ ਸ਼ਖਤ ਸ਼ਬਦਾਂ 'ਚ ਅਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਬਸਪਾ ਵਲੋਂ ਸ਼ੁਰੂ ਕੀਤੀ 'ਪੰਜਾਬ ਸੰਭਾਲੋ ਮੁਹਿੰਮ' ਦਾ ਮੁੱਖ ਉਦੇਸ਼ ਹੈ ਕਿ ਸਰਕਾਰ ਨਸ਼ਿਆਂ ਦਾ ਖਾਤਮਾ ਕਰੇ ਅਤੇ ਬੇ-ਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ | ਉਨ੍ਹਾਂ ਹੋਰ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਖਾਤਮੇ ਦੀ ਮੁਹਿੰਮ ਨਿਰਾ ਡਰਾਮਾ ਹੈ | ਪਿਛਲੇ ਦਿਨੀਂ ਮਜੀਠਾ ਵਿੱਚ ਨਸ਼ੇ ਨਾਲ 28 ਲੋਕਾਂ ਦੀ ਮੌਤ, ਲੁਧਿਆਣਾ 'ਚ 3 ਵਿਅਕਤੀਆਂ ਦੀ ਮੌਤ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਮੂੰਹ ਬੋਲਦੀ ਤਸਵੀਰ ਹੈ | ਇਸ ਮੌਕੇ ਹਰਬਲਾਸ ਬਸਰਾ, ਪਰਵੀਨ ਬੰਗਾ, ਗੁਰਬਚਨ ਰਾਮ, ਹੁਸਨ ਲਾਲ ਮਾਹੀ, ਰੰਮੀ ਬਸਰਾ, ਪਿ੍ੰਸ ਬਸਰਾ, ਅਸ਼ਵਨੀ ਕੁਮਾਰ, ਦੁਨੀ ਚੰਦ, ਜਗਦੀਸ਼ ਕੁਮਾਰ ਅਤੇ ਤਰਸੇਮ ਲਾਲ ਆਦਿ ਹਾਜ਼ਰ ਸਨ |