ਮਜਾਰੀ/ਸਾਹਿਬਾ, 25 ਦਸੰਬਰ (ਨਿਰਮਲਜੀਤ ਸਿੰਘ ਚਾਹਲ) - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਸਿੱਧੀ ਦਖਲ ਅੰਦਾਜ਼ੀ ਕਰਕੇ ਕੀਤੀ ਜਾ ਰਹੀ ਸਿਆਸਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੂਰੀ ਸਿੱਖ ਕੌਮ ਨੂੰ ਚਣੌਤੀ ਦੇਣ ਵਾਲੀ ਗੱਲ ਹੈ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀ ਕਰੇਗਾ | ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ: ਗੁਰਬਖਸ਼ ਸਿੰਘ ਖਾਲਸਾ ਨੇ ਕਸਬਾ ਮਜਾਰੀ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਜਾਂਚ ਕਮੇਟੀ ਵਲੋਂ ਕੀਤੀ ਜਾਂਚ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵਲੋਂ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ | ਹੁਣ ਪੰਜਾਬ ਸਰਕਾਰ ਨੇ ਆਪਣੇ ਹੀ ਵਿਧਾਨ ਸਭਾ ਦੇ ਸਪੀਕਰ, ਇਕ ਮੌਜੂਦਾ ਤੇ ਇਕ ਸਾਬਕਾ ਮੰਤਰੀ ਨੂੰ ਅੱਗੇ ਕਰਕੇ ਪਹਿਲਾਂ ਹੀ ਡਾ. ਈਸਰ ਸਿੰਘ ਵਲੋਂ ਦਿੱਤੀ ਰਿਪੋਟ 'ਤੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਜਾ ਚੁੱਕੀ ਕਾਰਵਾਈ ਵਾਲੇ ਦੋਸ਼ੀਆਂ 'ਤੇ ਹੁਣ ਪਰਚਾ ਦਰਜ ਕਰਕੇ ਸਿੱਖ ਮਾਮਲਿਆਂ 'ਚ ਸਿੱਧੀ ਸ਼ਮੂਲੀਅਤ ਕਰ ਦਿੱਤੀ ਹੈ | ਜਿਸ ਨੂੰ ਕੌਮ ਬਰਦਾਸ਼ਤ ਨਹੀ ਕਰੇਗੀ | ਇਸ ਮੌਕੇ ਗੁਰਦੀਪ ਸਿੰਘ ਬਕਾਪੁਰ, ਜੋਗਿੰਦਰ ਸਿੰਘ ਅਟਵਾਲ, ਹਜੂਰਾ ਸਿੰਘ ਪੈਲੀ, ਅਜਮੇਰ ਸਿੰਘ ਭਾਰਾਪੁਰ, ਨਿਰਮਲ ਸਿੰਘ ਪੈਲੀ, ਪ੍ਰਭਜੀਤ ਸਿੰਘ, ਸੁਰਜੀਤ ਸਿੰਘ, ਬਹਾਦਰ ਸਿੰਘ ਬਿਰਲ, ਹਰਨੇਕ ਸਿੰਘ ਨੇਕੀ, ਆਦਿ ਹਾਜਰ ਸਨ |