ਨਵਾਂਸ਼ਹਿਰ, 26 ਦਸੰਬਰ (ਜਸਬੀਰ ਸਿੰਘ ਨੂਰਪੁਰ)-ਦਿੱਲੀ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਵੱਲੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗ ਹੋਈ | ਜਿਸ ਵਿੱਚ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਦੇਸ਼ ਅੰਦਰ ਮਨਰੇਗਾ ਨੂੰ ਖ਼ਤਮ ਕਰਕੇ ਦੇਸ਼ ਨੂੰ ਬੇਰੁਜ਼ਗਾਰੀ ਵਿੱਚ ਕੇਂਦਰ ਸਰਕਾਰ ਵੱਲੋਂ ਧੱਕੇ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਦੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਹਾਲਤਾਂ 'ਤੇ ਚਰਚਾ ਕੀਤੀ | ਉਹਨਾਂ ਨੇ ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਪੰਜਾਬ ਚੋਂ ਪਰਵਾਸ, ਜਰਜਰ ਹੋ ਚੁੱਕੀ ਕਾਨੂੰਨ ਵਿਵਸਥਾ, ਨਸ਼ਿਆਂ ਦੀ ਵੱਡੀ ਚੁਨੌਤੀ ਨੂੰ ਪੰਜਾਬ ਦੀ ਗੰਭੀਰ ਸਮੱਸਿਆ ਮੰਨਦਿਆਂ ਇਸ ਦੇ ਹੱਲ ਲਈ 2027 'ਚ ਪੰਜਾਬ ਦੇ ਵਿੱਚ ਬਸਪਾ ਦੀ ਸਰਕਾਰ ਬਣਾਉਣ ਲਈ ਡਟ ਜਾਣ ਦਾ ਸੱਦਾ ਦਿੱਤਾ | ਪਿੰਡ-ਪਿੰਡ, ਮਹੱਲੇ-ਮਹੱਲੇ ਬਸਪਾ ਦੇ ਯੂਨਿਟ ਬਣਾਉਣ ਲਈ ਨੌਜਵਾਨਾਂ, ਪੱਛੜੇ ਵਰਗਾਂ, ਕਾਰੋਬਾਰੀਆਂ ਨੂੰ ਵੱਡੇ ਪੱਧਰ 'ਤੇ ਬਸਪਾ ਨਾਲ ਜੋੜਨ ਲਈ ਦਿਸ਼ਾ-ਨਿਰਦੇਸ਼ ਦਿੱਤੇ | ਮੀਟਿੰਗ ਵਿੱਚ ਪਾਰਟੀ ਦੇ ਸੈਂਟਰਲ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਕੇਂਦਰੀ ਇੰਚਾਰਜ ਚੰਡੀਗੜ੍ਹ, ਪ੍ਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੋਆਰਡੀਨੇਟਰ, ਕੁਲਦੀਪ ਸਿੰਘ ਸਰਦੂਲਗੜ੍ਹ ਸਟੇਟ ਕੁਆਰਡੀਨੇਟਰ, ਚੌਧਰੀ ਗੁਰਨਾਮ ਸਿੰਘ ਸਟੇਟ ਕੋਆਰਡੀਨੇਟਰ, ਐਡਵੋਕੇਟ ਬਲਵਿੰਦਰ ਕੁਮਾਰ ਸਟੇਟ ਜਨਰਲ ਸੈਕਟਰੀ, ਠੇਕੇਦਾਰ ਹਰਭਜਨ ਸਿੰਘ ਸਟੇਟ ਜਨਰਲ ਸੈਕਟਰੀ, ਬਲਵਿੰਦਰ ਬਿੱਟਾ ਸਟੇਟ ਜਨਰਲ ਸੈਕਟਰੀ, ਇੰਜੀਨੀਅਰ ਜਸਵੰਤ ਰਾਏ ਸਟੇਟ ਆਫ਼ਿਸ ਸੈਕਟਰੀ, ਖ਼ੁਸ਼ੀ ਰਾਮ ਜ਼ਿਲ੍ਹਾ ਕੋਆਰਡੀਨੇਟਰ ਜਲੰਧਰ ਬਸਪਾ ਇੰਚਾਰਜ ਵਿਧਾਨ ਸਭਾ ਫਿਲੌਰ, ਬੇਗ਼ ਸਿੰਘ ਮੋਹਾਲੀ ਜ਼ਿਲ੍ਹਾ ਬਸਪਾ ਉਪ ਪ੍ਰਧਾਨ ਮੋਹਾਲੀ, ਰਾਕੇਸ਼ ਦੁੱਗਲ, ਵਰਖਾ ਦੁੱਗਲ ਜਰਮਨ, ਕਪਿਲ ਕੁਮਾਰ ਲੁਧਿਆਣਾ, ਅਮਰਜੀਤ ਟੀਨੂ ਅਤੇ ਰਾਮ ਲੁਭਾਇਆ ਫਿਲੋਰ ਆਦਿ ਹਾਜ਼ਰ ਸਨ |