ਫ਼ਤਹਿਗੜ੍ਹ ਸਾਹਿਬ, 31 ਮਈ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਚ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਤੇ ਤੰਬਾਕੂਨੋਸ਼ੀ ਨਾ ਕਰਨ ਅਤੇ ਹੋਰਾਂ ਨੂੰ ਤੰਬਾਕੂਨੋਸ਼ੀ ਨਾ ਕਰਨ ਸੰਬੰਧੀ ਪ੍ਰੇਰਿਤ ਕਰਨ ਲਈ ਸਹੁੰ ਵੀ ਚੁਕਾਈ ਗਈ | ਸੈਮੀਨਾਰ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਦੀ ਤੰਦਰੁਸਤੀ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਹਰ ਸਾਲ 31 ਮਈ ਨੂੰ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਤੰਬਾਕੂ ਦੀ ਵਰਤੋਂ ਕਾਰਨ ਹੋ ਜਾਂਦੀ ਹੈ | ਭਾਰਤ ਵਿਚ ਹੋਣ ਵਾਲੇ ਔਸਤਨ ਅੱਧੇ ਕੈਂਸਰ ਜਿਵੇਂ ਮੂੰਹ, ਗਲਾ, ਫੇਫੜੇ ਆਦਿ ਦੇ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਹੀ ਹੈ | ਸਿਗਰਟਨੋਸ਼ੀ, ਹੁੱਕਾ, ਈ-ਸਿਗਰਟ, ਚਬਾਉਣ ਵਾਲਾ ਤੰਬਾਕੂ ਤੇ ਪਾਨ ਮਸਾਲਾ ਦਾ ਸੇਵਨ ਕਰਨ ਨਾਲ ਫੇਫੜੇ, ਦਿਲ ਤੇ ਹੋਰ ਅੰਗਾਂ ਦਾ ਨੁਕਸਾਨ ਹੋ ਸਕਦਾ ਹੈ | ਜ਼ਿਲ੍ਹਾ ਸਿਹਤ ਅਫ਼ਸਰ ਡਾ.ਅਮਨਦੀਪ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ.ਪਾਰੁਲ ਗੁਪਤਾ ਅਤੇ ਮੈਡੀਕਲ ਅਫ਼ਸਰ (ਡੈਂਟਲ) ਡਾ.ਤਰੁਨਦੀਪ ਕੌਰ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਰਤੋਂ ਕਰਨ, ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ਼ਤਿਹਾਰਬਾਜ਼ੀ ਕਰਨ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ, ਦੁਕਾਨਾਂ ਤੇ ਖਾਣ ਪੀਣ ਦੀਆਂ ਵਸਤਾਂ ਰੱਖਣ ਦੇ ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਕਰਨਾ, ਕਿਸੇ ਸਿੱਖਿਆ ਅਦਾਰੇ ਦੀ ਬਾਹਰਲੀ ਦੀਵਾਰ ਤੋਂ ਸੌ ਗਜ ਦੇ ਘੇਰੇ 'ਚ ਸਿਗਰਟ ਜਾਂ ਹੋਰ ਤੰਬਾਕੂ ਉਤਪਾਦਾਂ ਦਾ ਸੇਵਨ ਅਤੇ ਵਿੱਕਰੀ ਕਰਨ ਦੀ ਮਨਾਹੀ ਹੈ | ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ | ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਅਮਨਪ੍ਰੀਤ ਸਿੰਘ, ਮਨਵੀਰ ਸਿੰਘ, ਧਰਮ ਸਿੰਘ ਅਤੇ ਆਮ ਲੋਕ ਹਾਜ਼ਰ ਸਨ |